MLA ਡਾ. ਚਰਨਜੀਤ ਸਿੰਘ ਵੱਲੋਂ ਇਕ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਗਿਆ ਉਦਘਾਟਨ
ਸ਼ਹਿਰ ਵਿੱਚ ਦੁੱਗਣੀ ਸਮਰੱਥਾ ਦੇ ਲਗਾਏ ਜਾ ਰਹੇ 25 ਟਰਾਂਸਫਾਰਮਰ
ਮੋਰਿੰਡਾ, 30 ਅਗਸਤ: ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਅੱਜ ਸ਼ਹਿਰ ਵਾਸੀਆਂ ਨੂੰ ਬਿਜਲੀ ਕੱਟਾਂ ਅਤੇ ਬਿਜਲੀ ਦੀ ਮਾੜੀ ਸਪਲਾਈ ਤੋਂ ਰਾਹਤ ਦਿਵਾਉਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਦੇ ਅਰਬਨ ਰਿਨਿਊਅਲ ਮਿਸ਼ਨ ਤਹਿਤ ਲਗਭਗ ਇੱਕ ਕਰੋੜ ਰੁਪਏ ਦੇ ਇਲੈਕਟਰੀਸਿਟੀ ਟਰਾਂਸਮਿਸ਼ਨ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ 'ਤੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪਿਛਲੇ 15-20 ਸਾਲਾਂ ਤੋਂ ਪਵਿੱਤਰ ਧਰਤੀ ਹਲਕਾ ਸ਼੍ਰੀ ਚਮਕੌਰ ਸਾਹਿਬ ਪਿਛਲੀਆਂ ਸਰਕਾਰਾਂ ਵੱਲੋਂ ਅਣਗੋਲਿਆ ਕੀਤਾ ਜਾਂਦਾ ਰਿਹਾ ਸੀ, ਪਰੰਤੂ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਚਲਾਈ ਤਰੱਕੀ ਦੀ ਲਹਿਰ ਹੇਠ ਪਵਿੱਤਰ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾਈ ਹੋਈ ਹੈ।
ਉਨ੍ਹਾਂ ਕਿਹਾ ਕਿ ਇਤਿਹਾਸਿਕ ਸ਼ਹਿਰ ਮੋਰਿੰਡਾ ਵਿੱਚ ਵੀ ਵੱਡੇ ਪੱਧਰ 'ਤੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਭਾਵੇਂ ਸੀਵਰੇਜ ਦਾ ਕੰਮ ਹੋਵੇ, ਭਾਵੇਂ ਸੜਕਾਂ, ਗਲੀਆਂ ਜਾਂ ਬਿਜਲੀ ਨਾਲ ਸੰਬੰਧਿਤ ਵਿਕਾਸ ਕਾਰਜਾਂ ਦਾ ਕੰਮ ਹੋਵੇ, ਤੇਜ਼ੀ ਨਾਲ ਕੀਤੇ ਜਾ ਰਹੇ ਹਨ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਲਗਭਗ 80 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ 300 ਕਿਲੋਵਾਟ ਦੇ ਟਰਾਂਸਫਾਰਮਰ ਸਮੇਤ 100 ਤੋਂ 200 ਕਿਲੋਵਾਟ ਦੀ ਸਮਰੱਥਾ ਵਾਲੇ ਲਗਭਗ 25 ਟਰਾਂਸਫਾਰਮਰ ਬਦਲੇ ਜਾ ਰਹੇ ਹਨ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸੇ ਕਾਰਜ ਤਹਿਤ ਸਬ ਸਟੇਸ਼ਨ ਤੋਂ ਚੁੰਨ੍ਹੀ ਰੋਡ ਤੱਕ ਨਵੀਂ ਬਿਜਲੀ ਲਾਈਨ ਵਿਛਾਈ ਜਾ ਰਹੀ ਹੈ ਅਤੇ ਚੰਡੀਗੜ੍ਹ ਹਾਈਵੇ ਤੋਂ ਕਰਾਲੀ ਰੋਡ ਤੱਕ ਵੀ ਨਵੇਂ ਬਿਜਲੀ ਸਪਲਾਈ ਲਾਈਨ ਵਿਛਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਹਸਪਤਾਲ ਮੋਰਿੰਡਾ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਜਿਸ ਨਾਲ ਮਰੀਜ਼ਾਂ ਅਤੇ ਡਾਕਟਰਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਤੋਂ ਰਾਹਤ ਮਿਲੇਗੀ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਹੋਰ ਵਿਕਾਸ ਕਾਰਜ ਵੀ ਜਾਰੀ ਹਨ। ਇਸ ਮੌਕੇ 'ਤੇ ਸੂਗਰ ਮਿੱਲ ਰੋਡ 'ਤੇ 100 ਕਿਲੋ ਵਾਟ ਦਾ ਟਰਾਂਸਫਾਰਮਰ ਬਦਲ ਕੇ 200 ਕਿਲੋ ਵਾਟ ਦਾ ਟਰਾਂਸਮਰ ਰੱਖ ਕੇ ਸ਼ੁਰੂਆਤ ਕੀਤੀ ਗਈ, ਜਿਸ ਲਈ ਸ਼ੂਗਰ ਮਿੱਲ ਰੋਡ ਨਿਵਾਸੀਆਂ ਵੱਲੋਂ ਵਿਧਾਇਕ ਡਾ. ਚਰਨਜੀਤ ਸਿੰਘ ਦਾ ਧੰਨਵਾਦ ਵੀ ਕੀਤਾ ਗਿਆ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਐਸਡੀਓ ਸ਼ਹਿਰੀ ਇੰਜਨੀਅਰ ਭੁਪਿੰਦਰ ਸਿੰਘ, ਐਡੀਸ਼ਨਲ ਐਸਡੀਓ ਇੰਜਨੀਅਰ ਗੁਰਪ੍ਰੀਤ ਸਿੰਘ, ਜੇਈ ਪਾਰੂਲ ਪਰਮਾਰ ਅਤੇ ਸਟਾਫ, ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ, ਨਵਦੀਪ ਸਿੰਘ ਟੋਨੀ ਸ਼ਹਿਰੀ ਪ੍ਰਧਾਨ, ਜਗਤਾਰ ਸਿੰਘ ਘੜੂੰਆਂ ਸਿਆਸੀ ਸਕੱਤਰ,ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਹਰਜੀਤ ਸਿੰਘ ਸੋਢੀ, ਸੰਗਤ ਸਿੰਘ ਭਾਮੀਆ, ਮੇਹਰਬਾਨ ਸਿੰਘ, ਆਰ.ਡੀ. ਸਿੰਘ, ਜਗਤਾਰ ਸਿੰਘ ਸਹੇੜੀ, ਜਗਮੋਹਨ ਸਿੰਘ ਰੰਗੀਆਂ, ਅਮਰੀਕ ਸਿੰਘ ਢੰਗਰਾਲੀ, ਸ੍ਰੀ ਚੰਦ, ਬੀਬੀ ਮਨਜੀਤ ਕੌਰ, ਹਰਿੰਦਰ ਸਿੰਘ, ਹਰਜਿੰਦਰ ਸਿੰਘ ਸਰਪੰਚ ਕੋਟਲਾ, ਵਰਿੰਦਰ ਸਿੰਘ, ਪੱਪੀ ਚਤਾਮਲਾ, ਸਿਕਿਉਰਟੀ ਇੰਚਾਰਜ ਕੁਲਬੀਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹੋਰ ਵਲੰਟੀਅਰ ਵੀ ਸ਼ਾਮਿਲ ਸਨ।