ਮੁਕਤਸਰ ਪੁਲਿਸ ਵੱਲੋਂ ਸੁਤੰਤਰਤਾ ਦਿਵਸ ਦੇ ਮੱਦੇ ਨਜ਼ਰ ਜ਼ਿਲ੍ਹੇ ਭਰ ਵਿੱਚ ਸਖਤ ਸੁਰੱਖਿਆ ਪ੍ਰਬੰਧ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 14 ਅਗਸਤ 2025 : ਸੁਤੰਤਰਤਾ ਦਿਵਸ (15 ਅਗਸਤ) ਸਮਾਰੋਹਾਂ ਨੂੰ ਸ਼ਾਨਦਾਰ, ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਡਾ. ਅਖਿਲ ਚੌਧਰੀ, ਆਈ.ਪੀ.ਐਸ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਵਿਸ਼ੇਸ਼ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਅਧੀਨ ਮੁੱਖ ਸਮਾਰੋਹ ਸਥਾਨਾਂ, ਸਰਕਾਰੀ ਇਮਾਰਤਾਂ ਅਤੇ ਸੰਘਣੀ ਅਬਾਦੀ ਇਲਾਕਿਆਂ ਦੀ ਪੁਲਿਸ ਵੱਲੋਂ ਨਿਰੰਤਰ ਚੈਕਿੰਗ ਕੀਤੀ ਜਾ ਰਹੀ। ਐਸਐਸਪੀ ਨੇ ਦੱਸਿਆ ਕਿ ਐਸਪੀ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਤੋਂ ਇਲਾਵਾ 500 ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ।।
ਉਹਨਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਮੁੱਖ ਸਮਾਰੋਹ ਹੋਣ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ, ਸਕੂਲੀ ਬੱਚੇ, ਸਰਕਾਰੀ ਅਧਿਕਾਰੀ ਤੇ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ। ਇਸ ਸਮਾਰੋਹ ਦੌਰਾਨ ਸਟੇਡੀਅਮ ਦੀ ਸੁਰੱਖਿਆ ਲਈ ਕਰੀਬ 350 ਅਧਿਕਾਰੀ/ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਉਹਨਾਂ ਨੂੰ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਮੈਟਲ ਡਿਟੈਕਟਰ, ਮੈਨੂਅਲ ਚੈਕਿੰਗ ਦੇ ਨਾਲ-2 ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ।
ਮਲੋਟ ਅਤੇ ਗਿੱਦੜਬਾਹਾ, ਦਾਣਾ ਮੰਡੀ ਵਿੱਚ ਸਬ-ਡਵੀਜਨ ਪੱਧਰੀ ਪ੍ਰੋਗਰਾਮ
ਸਬ-ਡਵੀਜਨ ਪੱਧਰ ਤੇ ਦਾਣਾ ਮੰਡੀ, ਮਲੋਟ ਅਤੇ ਦਾਣਾ ਮੰਡੀ, ਗਿੱਦੜਬਾਹਾ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਇਕਬਾਲ ਸਿੰਘ ਪੀ.ਪੀ.ਐਸ. ਡੀ.ਐਸ.ਪੀ., ਮਲੋਟ ਅਤੇ ਰਛਪਾਲ ਸਿੰਘ ਪੀ.ਪੀ.ਐਸ, ਡੀ.ਐਸ.ਪੀ., ਐਨ.ਡੀ.ਪੀ.ਐਸ ਦੀ ਨਿਗਰਾਨੀ ਹੇਠ ਕਰੀਬ 150 ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹਾ ਭਰ ਵਿੱਚ ਨਾਕਾਬੰਦੀ ਅਤੇ ਬਾਰਡਰ ਸੀਲਿੰਗ
ਪੰਜਾਬ-ਹਰਿਆਣਾ ਅਤੇ ਪੰਜਾਬ-ਰਾਜਸਥਾਨ ਸਰਹੱਦਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ 19 ਨਾਕੇ ਲਗਾ ਕੇ ਪੂਰੀ ਤਰ੍ਹਾਂ ਸੀਲਿੰਗ ਕੀਤੀ ਗਈ ਹੈ। ਇਨ੍ਹਾਂ ਨਾਕਿਆਂ ‘ਤੇ ਵਾਹਨ ਚੈਕਿੰਗ, ਦਸਤਾਵੇਜ਼ ਵੈਰੀਫਿਕੇਸ਼ਨ ਅਤੇ ਯਾਤਰੀਆਂ ਦੀ ਪਛਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਕਿਸਮ ਦੇ ਸ਼ਰਾਰਤੀ ਅਨਸਰ ਨੂੰ ਜਿਲ੍ਹਾ ਅੰਦਰ ਦਾਖਿਲ ਹੋਣ ਤੋਂ ਰੋਕਿਆ ਜਾ ਸਕੇ।
ਹੋਟਲ, ਢਾਬਿਆਂ ਦੀ ਚੈਕਿੰਗ
ਸੁਰੱਖਿਆ ਦੇ ਮੱਦੇਨਜ਼ਰ ਜ਼ਿਲੂ੍ਹਾ ਦੇ ਸਾਰੇ ਹੋਟਲਾਂ, ਢਾਬਿਆਂ ਅਤੇ ਸਰਾਵਾਂ ਵਿੱਚ ਵਿਸ਼ੇਸ਼ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਹੋਟਲ/ਸਰਾਵਾਂ ਵਿੱਚ ਠਹਿਰਣ ਵਾਲਿਆਂ ਦੀ ਤਸਦੀਕ ਕੀਤੀ ਗਈ।
ਨਾਈਟ ਡੋਮੀਨੇਸ਼ਨ ਅਤੇ ਸ਼ਹਿਰੀ ਫਲੈਗ ਮਾਰਚ
ਰਾਤ ਦੇ ਸਮੇਂ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਗਜ਼ਟਿਡ ਰੈਂਕ ਦੇ ਅਧਿਕਾਰੀ ਖੁਦ ਟੀਮਾਂ ਸਮੇਤ ਮਹੱਲਿਆਂ, ਗਲੀਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡ ‘ਤੇ ਗਸ਼ਤ ਕਰ ਰਹੇ ਹਨ। ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ, ਆਵਾਜਾਈ ‘ਤੇ ਨਿਗਰਾਨੀ ਅਤੇ ਲੋਕਾਂ ਨਾਲ ਸੰਪਰਕ ਕਰਕੇ ਸੁਰੱਖਿਆ ਭਾਵਨਾ ਪੈਦਾ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਐਸ.ਪੀ ਦੀ ਲੋਕਾਂ ਨੂੰ ਅਪੀਲ
ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਕੋਲ ਕੋਈ ਵੀ ਸ਼ੱਕੀ ਵਿਅਕਤੀਆਂ ਜਾਂ ਕਿਸੇ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਹੈ ਤਾਂ ਉਹ ਤੁਰੰਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਹੈਲਪਲਾਈਨ ਨੰਬਰ 8054942100 ‘ਤੇ ਸਾਂਝੀ ਕਰਨ। ਉਹਨਾਂ ਕਿਹਾ ਕਿ ਜਨਤਾ ਦਾ ਸਹਿਯੋਗ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।