ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਤਲ ਕੇਸ ਨੂੰ ਕੁਝ ਘੰਟਿਆਂ 'ਚ ਹੀ ਸੁਲਝਾਇਆ, 4 ਗ੍ਰਿਫ਼ਤਾਰ
- ਵਾਰਦਾਤ 'ਚ ਵਰਤੇ ਹਥਿਆਰ ਅਤੇ ਕਾਰ ਬਰਾਮਦ
ਜਲੰਧਰ, 14 ਅਗਸਤ 2025 - ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਕੁਮਾਰ ਸ਼ਰਮਾ, ਏ.ਡੀ.ਸੀ.ਪੀ. ਅਕਾਰਸ਼ੀ ਜੈਨ ਅਤੇ ਏ.ਸੀ.ਪੀ. ਨਾਰਥ ਆਤਿਸ਼ ਭਾਟੀਆ ਦੀ ਦੇਖ-ਰੇਖ ਹੇਠ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਨਿਊ ਗੁਰੂ ਨਾਨਕ ਨਗਰ, ਨੇੜੇ ਨਾਗਰਾ ਫਾਟਕ ਵਿਖੇ 12 ਅਗਸਤ ਦੀ ਰਾਤ ਨੂੰ ਹੋਏ ਕਤਲ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਦਿੱਤਾ।
ਪੁਲਿਸ ਥਾਣਾ ਡਵੀਜਨ ਨੰਬਰ 1 ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਕਦਮਾ ਨੰਬਰ 147 ਮਿਤੀ 13 ਅਗਸਤ ਨੂੰ ਧਾਰਾ 103(1), 109, 191(3), 190, 324(4) ਭਾਰਤੀ ਨਿਆਂ ਸੰਹਿਤਾ (BNS) 2023 ਅਤੇ ਧਾਰਾ 25–54–59 ਆਰਮਜ਼ ਐਕਟ ਅਧੀਨ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਇਹ ਮੁੱਕਦਮਾ ਸ਼ਿਕਾਇਤ ਕਰਤਾ ਜਗੀਰੀ ਪੁੱਤਰ ਪਿਆਰਾ ਲਾਲ, ਵਾਸੀ ਅਸ਼ੋਕ ਨਗਰ, ਜਲੰਧਰ ਦੇ ਬਿਆਨ 'ਤੇ ਦਰਜ ਕੀਤਾ ਗਿਆ।
ਸ਼ਿਕਾਇਤ ਕਰਤਾ ਅਨੁਸਾਰ 12 ਅਗਸਤ ਦੀ ਰਾਤ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੇੜੇ ਨਾਗਰਾ ਫਾਟਕ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ। ਚਿੰਤਤ ਹੋ ਕੇ ਸ਼ਿਕਾਇਤ ਕਰਤਾ ਆਪਣੇ ਛੋਟੇ ਪੁੱਤਰ ਸਾਗਰ ਨਾਲ ਉਸ ਨੂੰ ਲੱਭਣ ਲਈ ਗਿਆ ਤੇ ਓਥੇ ਨੇੜੇ ਖੜ੍ਹੇ ਕੁਝ ਵਿਅਕਤੀਆਂ ਨੂੰ ਵੇਖਿਆ। ਉਨ੍ਹਾਂ ਵਿੱਚੋਂ ਇੱਕ ਨੇ ਦਾਤਰ (ਤੇਜ਼ ਧਾਰ ਵਾਲਾ ਹਥਿਆਰ) ਨਾਲ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਵਾਰ ਕੀਤਾ, ਜਦਕਿ ਹੋਰਨਾਂ ਨੇ ਵੀ ਹਥਿਆਰਾਂ ਨਾਲ ਹਮਲਾ ਕੀਤਾ। ਇੱਕ ਰਾਈਫਲ ਨਾਲ 4–5 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਹੋਰ ਰਿਸ਼ਤੇਦਾਰ ਜ਼ਖ਼ਮੀ ਹੋਏ। ਗੁਰਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਸਹਾਇਤਾ ਅਤੇ ਖੂਫੀਆ ਸੋਰਸਾਂ ਦੀ ਵਰਤੋਂ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ। ਕੁਝ ਘੰਟਿਆਂ ਵਿੱਚ ਹੀ ਚਾਰ ਦੋਸ਼ੀਆਂ ਇੰਦਰਜੀਤ ਸਿੰਘ ਉਰਫ ਕਾਕਾ ਪੁੱਤਰ ਕੁਲਵੰਤ ਸਿੰਘ ਮਹਾਰਾਜਾ ਗਾਰਡਨ ਜਲੰਧਰ (ਉਮਰ ਕਰੀਬ 19 ਸਾਲ), ਮੱਕੋ ਉਰਫ ਸੌਰਵ ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ (ਉਮਰ ਕਰੀਬ 23 ਸਾਲ), ਸੈਮਸਨ ਉਰਫ ਬੌਬੀ ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ (ਉਮਰ ਕਰੀਬ 25 ਸਾਲ) ਅਤੇ ਇੰਦਰਜੀਤ ਸਿੰਘ ਨਿਹੰਗ ਪੁੱਤਰ ਮੱਖਣ ਸਿੰਘ ਵਾਸੀ ਗਲੀ ਨੰਬਰ 4 ਰਵੀਦਾਸ ਨਗਰ ਜਿੰਦਾ ਰੋਡ ਜਲੰਧਰ (ਉਮਰ ਕਰੀਬ 35 ਸਾਲ) ਨੂੰ ਸਮੇਤ ਇੱਕ ਰਾਈਫਲ ਅਤੇ ਤਿੰਨ ਖਾਲੀ ਕਾਰਤੂਸਾਂ ਸਮੇਤ ਕਾਰ ਦੇ ਗ੍ਰਿਫ਼ਤਾਰ ਕੀਤਾ। ਵਾਰਦਾਤ ਵਿੱਚ ਸ਼ਾਮਿਲ 1 ਵਿਅਕਤੀ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਗੰਭੀਰ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ। ਦੋਸ਼ੀਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਕਮਿਸ਼ਨਰੇਟ ਪੁਲਿਸ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।