ਕਿਸਾਨਾਂ ਦੀ 24 ਅਗਸਤ ਨੂੰ ਹੋਵੇਗੀ ਸਮਰਾਲਾ ਵਿੱਚ ਰੈਲੀ
ਅਸ਼ੋਕ ਵਰਮਾ
ਰਾਮਪੁਰਾ,14 ਅਗਸਤ 2025 : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਜਿਉਂਦ ਵਿਖੇ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ 24 ਅਗਸਤ ਨੂੰ ਸਮਰਾਲਾ ਵਿਖੇ ਰੈਲੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਲੈਂਡ ਪੂਲਿੰਗ ਨੀਤੀ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨੀਤੀ ਦੇ ਤਹਿਤ ਕਿਸਾਨਾਂ ਤੋਂ ਜਮੀਨਾਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾਣੀਆਂ ਸਨ। ਉਹਨਾਂ ਕਿਹਾ ਕਿ ਭਾਵੇਂ ਕਿਸਾਨਾਂ ਦੇ ਸਖਤ ਵਿਰੋਧ ਕਾਰਨ ਪੰਜਾਬ ਸਰਕਾਰ ਨੂੰ ਇਹ ਨੀਤੀ ਰੱਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਸਰਕਾਰ ਵੱਲੋਂ ਕਿਸੇ ਹੋਰ ਢੰਗ ਰਾਹੀਂ ਜਮੀਨਾਂ ਖੋਹਣ ਦੇ ਮਨਸੂਬੇ ਜਾਰੀ ਰੱਖੇ ਜਾ ਰਹੇ ਹਨ।
ਉਹਨਾਂ ਅਪੀਲ ਕੀਤੀ ਕਿ 24 ਅਗਸਤ ਨੂੰ ਸਮਰਾਲਾ ਦੀ ਰੈਲੀ ਵਿੱਚ ਵੱਧ ਤੋਂ ਵੱਧ ਕਿਸਾਨ, ਮਜ਼ਦੂਰ ਤੇ ਔਰਤਾਂ ਦੀ ਸ਼ਮੂਲੀਅਤ ਕਰਵਾਉਣ ਦੀ ਵਿਉਂਤਬੰਦੀ ਕੀਤੀ ਜਾਏ। ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਲਹਿਰ ਤੇ ਹਮਲੇ ਜਾਰੀ ਹਨ, ਕਿਸਾਨ ਆਗੂਆਂ ਖਿਲਾਫ ਲਗਾਤਾਰ ਬੇਤੁੱਕੇ ਬਿਆਨ ਜਾਰੀ ਕੀਤੇ ਜਾ ਰਹੇ ਹਨ, ਜੇਲਾਂ ਚ ਬੰਦ ਕਿਸਾਨਾਂ ਦੀਆਂ ਜਮਾਨਤਾਂ ਵੀ ਰੱਦ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਇਹਨਾਂ ਕਿਸਾਨ ਲਹਿਰ ਵਿਰੋਧੀ ਮਨਸੂਬਿਆਂ ਖਿਲਾਫ 17 ਅਗਸਤ ਨੂੰ ਜਿਉਂਦ ਵਿਖੇ ਵਧਵੀਂ ਸੂਬਾ ਮੀਟਿੰਗ ਕੀਤੀ ਜਾ ਰਹੀ ਹੈ ।ਜਿਸ ਵਿੱਚ ਕੁੱਲ ਸਰਕਾਰ ਦੇ ਹਮਲਿਆਂ ਸੰਬੰਧੀ ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਿਰੁੱਧ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ।
ਅੱਜ ਦੀ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਇੱਕ ਮਤੇ ਰਾਹੀਂ ਬਲਾਕ ਨਥਾਣਾ ਦੇ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਵੱਲੋਂ ਜਥੇਬੰਦੀ ਦੇ ਜਾਬਤੇ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਉਲੰਘਣਾ ਖਿਲਾਫ ਉਹਨਾਂ ਦੀ ਮੁਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ।ਕਿਉਂਕਿ ਉਹਨਾਂ ਵੱਲੋਂ ਪਹਿਲਾਂ ਵੀ ਉਲੰਘਣਾ ਦੀ ਗਲਤੀ ਮੰਨ ਕੇ ਵੀ ਜਥੇਬੰਦੀ ਵਿਰੋਧੀ ਕਾਰਵਾਈਆਂ ਜਾਰੀ ਸਨ। ਅੱਜ ਦੀ ਮੀਟਿੰਗ ਵਿੱਚ ਹਰਿੰਦਰ ਕੌਰ ਬਿੰਦੂ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾਖਾਨਾ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ ਗੁਲਾਬ ਸਿੰਘ ਜਿਉਂਦ, ਬੂਟਾ ਸਿੰਘ ਬੱਲੋ, ਲਖਵੀਰ ਸਿੰਘ ਗਿੱਦੜ, ਅਵਤਾਰ ਸਿੰਘ ਪੂਹਲਾ, ਅਮਰੀਕ ਸਿੰਘ ਸਿਵੀਆਂ, ਅਮਨਦੀਪ ਸਿੰਘ ਦਿਓਣ, ਰਾਮ ਸਿੰਘ ਕੋਟਗੁਰੂ, ਅਜੇਪਾਲ ਸਿੰਘ ਘੁੱਦਾ, ਹਰਪ੍ਰੀਤ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ, ਜਗਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ ਵੀ ਸ਼ਾਮਲ ਸਨ।