ਅਮਰੂਦਾਂ ਵਿੱਚ ਵਿੱਚ ਫਰੂਟ ਫਲਾਈ ਦੀ ਰੋਕਥਾਮ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪ੍ਰਦਰਸ਼ਨੀ
ਰੋਹਿਤ ਗੁਪਤਾ
ਗੁਰਦਾਸਪੁਰ 4 ਜੁਲਾਈ 2025 - ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਗੁਰਦਾਸਪੁਰ ਵੱਲੋਂ ਫਲਾਂ ਵਿੱਚ ਫਰੂਟ ਫਲਾਈ ਦੀ ਰੋਕਥਾਮ ਲਈ ਪੀ. ਏ.ਯੂ. ਫਰੂਟ ਫਲਾਈ ਟਰੈਪ ਦੀਆਂ ਪ੍ਰਦਰਸ਼ਨੀਆਂ ਪਿੰਡ ਕਾਲੇ ਅਫਗਾਨਾ, ਤਲਵੰਡੀ ਲਾਲ ਸਿੰਘ, ਮਾੜੀਆਂ ਵਾਲਾ ਹਵੇਲੀ ਚੋਬਦਾਰਾਂ ਵਿੱਚ ਅਮਰੂਦਾਂ ਦੇ ਬਾਗਾਂ ਵਿੱਚ ਲਗਾਈਆਂ ਗਈਆਂ। ਇਸ ਮੌਕੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਇੰਚਾਰਜ ਡਾਕਟਰ ਨਰਿੰਦਰਦੀਪ ਸਿੰਘ (ਜ਼ਿਲ੍ਹਾ ਪਸਾਰ ਮਾਹਿਰ ਸੀਨੀਅਰ ਮੋਸਟ), ਡਾਕਟਰ ਸਰਵਪ੍ਰਿਆ ਸਿੰਘ (ਜ਼ਿਲਾ ਪਸਾਰ ਮਾਹਿਰ ਫ਼ਲ ਵਿਗਿਆਨ) ਅਤੇ ਡਾਕਟਰ ਨਵਦੀਪ ਸਿੰਘ (ਬਾਗਵਾਨੀ ਵਿਕਾਸ ਅਫਸਰ, ਗੁਰਦਾਸਪੁਰ) ਨੇ ਕਿਸਾਨਾਂ ਨੂੰ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਫਰੂਟ ਫਲਾਈ ਦਾ ਹਮਲਾ ਅਮਰੂਦ ਵਿੱਚ ਜਿਆਦਾ ਦੇਖਣ ਨੂੰ ਮਿਲਦਾ ਹੈ ਜਿਸ ਕਰਕੇ ਕਿਸਾਨ ਵੀਰਾਂ ਨੂੰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਉਹ ਆਪਣੇ ਬਾਗਾਂ ਅਤੇ ਬਗੀਚੀਆਂ ਵਿੱਚ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਦੀ ਵਰਤੋਂ ਕਰਕੇ ਇਸ ਕੀੜੇ ਦੀ ਰੋਕਥਾਮ ਕਰ ਸਕਦੇ ਹਨ ਅਤੇ ਜਿਆਦਾ ਹਮਲਾ ਹੋਣ ਤੇ ਉਹ ਮਾਹਿਰਾ ਨਾਲ ਸੰਪਰਕ ਕਰ ਸਕਦੇ ਹਨ।