ਪੀ.ਏ.ਯੂ. ਦੇ ਬਾਗਬਾਨੀ ਅਤੇ ਵਣ ਖੇਤੀ ਕਾਲਜ ਦੇ ਵਿਦਿਆਰਥੀ ਨੇ ਯੂ ਪੀ ਐੱਸ ਸੀ ਦੀ ਪ੍ਰੀਖਿਆ ਪਾਸ ਕੀਤੀ
ਲੁਧਿਆਣਾ 20 ਜੂਨ, 2025 - ਪੀ.ਏ.ਯੂ. ਦੇ ਬਾਗਬਾਨੀ ਅਤੇ ਵਣ ਖੇਤੀ ਕਾਲਜ ਦੇ 2019 ਪੂਰ ਦੇ ਵਿਦਿਆਰਥੀ ਪਰੀਸਦੀਪ ਔਲਖ ਨੇ ਬੀਤੇ ਦਿਨੀਂ ਯੂ ਪੀ ਐੱਸ ਸੀ ਦੀ 2024 ਦੀ ਪ੍ਰੀਖਿਆ ਵਿਚ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਮੁਕਾਬਲੇ ਵਿਚ 172ਵਾਂ ਦਰਜਾ ਹਾਸਲ ਕਰਕੇ ਭਾਰਤ ਪੱਧਰ ਤੇ ਇਸ ਪ੍ਰੀਖਿਆ ਨੂੰ ਪਾਸ ਕੀਤਾ| ਰਾਸ਼ਟਰੀ ਪੱਧਰ ਤੇ ਲਈ ਜਾਣ ਵਾਲੀ ਇਹ ਪ੍ਰੀਖਿਆ ਬੇਹੱਦ ਚੁਣੌਤੀਪੂਰਨ ਮੰਨੀ ਜਾਂਦੀ ਹੈ ਜਿਸ ਵਿਚ ਸਰੀਰਕ, ਮਾਨਸਿਕ ਅਤੇ ਬੌਧਿਕ ਮੁਹਾਰਤ ਦੀ ਪਰਖ ਹੁੰਦੀ ਹੈ|
ਇਸ ਸੰਬੰਧ ਵਿਚ ਹੋਰ ਵਿਸਥਾਰ ਦਿੰਦਿਆਂ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਦਿਆਰਥੀ ਦਾ ਰਾਸ਼ਟਰੀ ਪੱਧਰ ਤੇ ਅਜਿਹੀ ਪ੍ਰੀਖਿਆ ਨੂੰ ਪਾਸ ਕਰਨਾ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਅਤੇ ਸ਼ਾਨਦਾਰ ਪ੍ਰਸ਼ਾਸਨਿਕ ਰਵਾਇਤ ਦੀ ਟੋਹ ਦਿੰਦਾ ਹੈ| ਇਸਦੇ ਨਾਲ ਹੀ ਡਾ. ਗਿੱਲ ਨੇ ਆਖਿਆ ਕਿ ਸ਼੍ਰੀ ਪਰੀਸਦੀਪ ਔਲਖ ਵੱਲੋਂ ਇਸ ਪ੍ਰੀਖਿਆ ਨੂੰ ਪਾਸ ਕਰਨ ਨਾਲ ਆਉਣ ਵਾਲੇ ਸਾਲਾਂ ਵਿਚ ਹੋਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਦੀ ਪ੍ਰੇਰਨਾ ਮਿਲੇਗੀ|
ਪਰੀਸਦੀਪ ਔਲਖ ਨੇ ਕਾਲਜ ਵਿਚ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਅੰਡਰ ਗ੍ਰੈਜੂਏਟ ਕੋਰਸਾਂ ਦੀ ਪੜ੍ਹਾਈ ਦੌਰਾਨ ਪੀ.ਏ.ਯੂ. ਵਿਚ ਰਹਿ ਕੇ ਸਰਵਪੱਖੀ ਵਿਕਾਸ ਦੇ ਮੌਕੇ ਹਾਸਲ ਕੀਤੇ| ਇਸਦੇ ਨਾਲ ਹੀ ਉਹ ਜੀਵਨ ਵਿਚ ਕੁਝ ਕਰਨ ਦੀ ਭਾਵਨਾ ਨਾਲ ਭਰਪੂਰ ਹੋਏ ਅਤੇ ਇਸ ਗੱਲ ਨੇ ਉਹਨਾਂ ਨੂੰ ਖੇਤੀ ਵਿਗਿਆਨ ਤੋਂ ਇਲਾਵਾ ਪੁਲਿਸ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾਣ ਦਾ ਉਤਸ਼ਾਹ ਪ੍ਰਦਾਨ ਕੀਤਾ|
ਇਸ ਮੌਕੇ ਕਾਲਜ ਦੇ ਸਮੁੱਚੇ ਸਟਾਫ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਸ਼੍ਰੀ ਔਲਖ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|