ਜਿਪਸਮ ਨੂੰ ਜਿਪਸਮ ਦੇ ਤੌਰ 'ਤੇ ਹੀ ਵੇਚਿਆ ਜਾਵੇ ਨਾਂ ਕਿ ਆਪਣੇ ਸਿੰਗਲ ਸੁਪਰ ਫਸਫੇਟ ਦੇ ਤੌਰ ਤੇ : ਮੁੱਖ ਖ਼ੇਤੀਬਾੜੀ ਅਫ਼ਸਰ
ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਜ਼ਿਲਾ ਪੱਧਰੀ ਟੀਮ ਵਲੋਂ ਸ੍ਰੀ ਹਰਗੋਬਿੰਦਪੁਰ ਤੋਂ ਖਾਦਾਂ ਦੇ ਸੈਂਪਲ ਭਰੇ
ਰੋਹਿਤ ਗੁਪਤਾ
ਗੁਰਦਾਸਪੁਰ , 20 ਜੂਨ 2025 : 20 ਜੂਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਖਾਸ ਕਰਕੇ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਜ਼ਿਲ੍ਹਾ ਪੱਧਰੀ ਟੀਮ ਵਲੋਂ ਬਲਾਕ ਦੀਨਾਨਗਰ ਅਤੇ ਕਾਹਨੂੰਵਾਨ ਦੇ ਪੇਂਡੂ ਖੇਤਰਾਂ ਵਿਚ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਅਤੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਯੂਰੀਆ ਖਾਦ ਦੀ ਕਾਲਾਬਜ਼ਾਰੀ ਜਾਂ ਜਮਾਂਖੋਰੀ ਨੂੰ ਰੋਕਿਆ ਜਾ ਸਕੇ।
ਇਸ ਟੀਮ ਦੀ ਅਗਵਾਈ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ ਅਤੇ ਟੀਮ ਵਿਚ ਡਾ. ਸ਼ਾਹਬਾਜ ਸਿੰਘ ਚੀਮਾ ਖੇਤੀਬਾੜੀ ਅਫ਼ਸਰ, ਡਾਕਟਰ ਅੰਮ੍ਰਿਤਪਾਲ ਸਿੰਘ , ਡਾਕਟਰ ਜੋਬਨਜੀਤ ਸਿੰਘ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ,ਗੁਰਸੇਵਕ ਸਿੰਘ , ਸ਼ੁਭਪ੍ਰਿਤ ਸਿੰਘ ਸ਼ਾਮਿਲ ਸਨ।
ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿਚ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ ਜੋ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸਾਨਾਂ ਨੁੰ ਸਰਕਾਰ ਵਲੋਂ ਨਿਰਧਾਰਿਤ ਮੁੱਲ 'ਤੇ ਖੇਤੀ ਸਮੱਗਰੀ ਖਾਸ ਕਰਕੇ ਖਾਦਾਂ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖਾਦ ਵਿਕ੍ਰੇਤਾਵਾਂ ਦੇ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਤੋਂ ਇਲਾਵਾ ਕਾਗਜ਼ਾਤ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਆਮ ਕਰਕੇ ਮਿੱਟੀ ਦੀ ਸਿਹਤ ਸੁਧਾਰਨ ਲਈ ਜਿਪ੍ਸਮ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਪਸਮ ਇੱਕ ਨਰਮ ਸਲਫੇਟ ਖਣਿਜ ਹੈ ਜੋ ਮੁੱਖ ਤੌਰ 'ਤੇ ਕੈਲਸ਼ੀਅਮ ਸਲਫੇਟ ਡਾਈਹਾਈਡ੍ਰੇਟ ਤੋਂ ਬਣਿਆ ਹੁੰਦਾ ਹੈ। ਇਹ ਆਮ ਕਰਕੇ ਖੇਤੀਬਾੜੀ ਵਿੱਚ ਕਲਰ ਵਾਲੀਆਂ ਜ਼ਮੀਨਾਂ ਦਾ ਸੁਧਾਰ ਕਰਨ ਲਈ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਰਿਹਾ ਹੈ।
ਉਨ੍ਹਾਂ ਸਮੂਹ ਖਾਦ ਵਿਕ੍ਰੇਤਾਵਾਂ,ਸਕੱਤਰ ਸਹਿਕਾਰੀ ਸਭਾਵਾਂ ਨੂੰ ਕਿਹਾ ਕਿ ਜਿਪਸਮ ਨੂੰ ਜਿਪਸਮ ਦੇ ਤੌਰ 'ਤੇ ਹੀ ਵੇਚਿਆ ਜਾਵੇ ਨਾਂ ਕਿ ਸਿੰਗਲ ਸੁਪਰ ਫਾਸਫੇਟ ਦੇ ਤੌਰ 'ਤੇ।
ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਣਕ ਦੀ ਫ਼ਸਲ ਨੂੰ ਡੀ ਏ ਪੀ ਦੀ ਪੂਰੀ ਖੁਰਾਕ ਪਾਈ ਗਈ ਸੀ ਤਾਂ ਝੋਨੇ ਦੀ ਫ਼ਸਲ ਨੂੰ ਡੀ ਏ ਪੀ ਜਾਂ ਸੁਪਰ ਫਾਸਫੇਟ ਪਾਉਣ ਦੀ ਜ਼ਰੂਰਤ ਨਹੀਂ । ਜਿਨ੍ਹਾਂ ਖੇਤਾਂ ਨੁੰ ਪੱਧਰਾ ਕੀਤਾ ਗਿਆ ਹੈ ਜਾਂ ਮਿੱਟੀ ਚੁਕਾਈ ਗਈ ਹੈ ਤਾਂ ਝੋਨੇ ਦੀ ਫ਼ਸਲ ਨੂੰ 27.5 ਕਿਲੋ ਡੀ ਏ ਪੀ ਖਾਦ ਪ੍ਰਤੀ ਏਕੜ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਖਾਦ ਵਿਕ੍ਰੇਤਾਵਾਂ ਜਾਂ ਸਹਿਕਾਰੀ ਸਭਾਵਾਂ ਤੋਂ ਜ਼ਰੂਰਤ ਅਨੁਸਾਰ ਸਿੰਗਲ ਸੁਪਰ ਫਾਸਫੈਟ ਜਾਂ ਡੀ ਏ ਪੀ ਹੀ ਖਰੀਦੀ ਜਾਵੇ।ਜੇਕਰ ਕੋਈ ਦੁਕਾਨਦਾਰ/ਸਕੱਤਰ ਸਹਿਕਾਰੀ ਸਭਾ ਧੱਕੇ ਨਾਲ ਜਿਪਸਮ ਦਿੰਦਾ ਹੈ ਤਾਂ ਲਿਖਤੀ ਰੂਪ ਵਿਚ ਬਲਾਕ ਖ਼ੇਤੀਬਾੜੀ ਜਾਂ ਮੁੱਖ ਖ਼ੇਤੀਬਾੜੀ ਅਫ਼ਸਰ ਨੂੰ ਸ਼ਿਕਾਇਤ ਭੇਜੀ ਜਾ ਸਕਦੀ ਹੈ।