ਤੀਸਰੇ ਦਿਨ ਵੀ ਨੌਜਵਾਨ ਦਾ ਨਹਿਰ ਵਿੱਚੋਂ ਨਹੀਂ ਮਿਲਿਆ ਸੁਰਾਗ
- ਦੁਕਾਨਦਾਰ ਵੱਲੋਂ ਕੀਤੀ ਗਈ ਜਲਾਲਤ ਤੋਂ ਦੁਖੀ ਨੌਜਵਾਨ ਨੇ ਮਾਰੀ ਸੀ ਛਾਲ
ਰੋਹਿਤ ਗੁਪਤਾ
ਗੁਰਦਾਸਪੁਰ 9 ਜੂਨ 2025 - ਗੁਰਦਾਸਪੁਰ ਦੇ ਬੱਬੇਹਾਲੀ ਪੁੱਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੇ ਦੁਕਾਨਦਾਰ ਵੱਲੋਂ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ ਸੀ। 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ ਤੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ ,ਨੇ ਛਲਾਂਗ ਲਗਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਸ ਦੀ ਦੁਕਾਨ ਦੇ ਸਾਹਮਣੇ ਦੇ ਕਰਿਆਨੇ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਉਸ ਵੇਲੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ ਜਦੋਂ ਓਹੋ ਇੱਕ ਟਰੈਕਟਰ ਤੇ ਸਪੀਕਰ ਲਗਾ ਰਿਹਾ ਸੀ ਅਤੇ ਉੱਚੀ ਆਵਾਜ਼ ਕਰਕੇ ਸਪੀਕਰ ਲੋਗੋ ਨੂੰ ਚੈੱਕ ਕਰ ਰਿਹਾ ਸੀ।
ਬਾਅਦ ਵਿੱਚ ਪੁਲਿਸ ਵੱਲੋਂ ਥਾਣਾ ਤਿਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਤਿੰਨ ਦਿਨ ਗੁਜਰਨ ਦੇ ਬਾਵਜੂਦ ਵੀ ਰਣਦੀਪ ਸਿੰਘ ਦੀ ਲਾਸ਼ ਨਹੀਂ ਬਰਾਮਦ ਹੋਈ ਹੈ। ਅੱਜ ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੀ ਟੀਮ ਗੋਤਾ ਖੋਰਾ ਸਮੇਤ ਮੌਕੇ ਤੇ ਪਹੁੰਚੀ ਅਤੇ ਦੇਰ ਸ਼ਾਮ ਤੱਕ ਨੌਜਵਾਨ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਫਿਲਹਾਲ ਉਸ ਦੀ ਲਾਸ਼ ਦਾ ਕੋਈ ਅਤਾ ਪਤਾ ਨਹੀਂ ਮਿਲਿਆ ਹੈ।