ਪੇਂਡੂ ਇਲਾਕੇ ਦੇ ਸਕੂਲਾਂ ਦੇ 100 ਮੀਟਰ ਘੇਰੇ ਅੰਦਰ ਐਨਰਜੀ ਡਰਿੰਕ ਵੇਚਣ ਤੇ ਰੋਕ
ਰੋਹਿਤ ਗੁਪਤਾ
ਗੁਰਦਾਸਪੁਰ, 04 ਜੂਨ - ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ 100 ਮੀਟਰ ਅਤੇ ਸ਼ਹਿਰੀ ਖੇਤਰਾਂ ਵਿੱਚ 50 ਮੀਟਰ ਦੇ ਘੇਰੇ ਵਿੱਚ ਸਕੂਲਾਂ ਦੀਆਂ ਕੰਟੀਨਾਂ/ਟੱਕ ਦੁਕਾਨਾਂ/ਦੁਕਾਨਾਂ ਜਾਂ ਅਦਾਰਿਆਂ ਵਿੱਚ ਬੱਚਿਆਂ ਨੂੰ ਕਿਸੇ ਵੀ ਤਰਾਂ ਦੀ ਸਟਿੰਗ ਵਗ਼ੈਰਾ ਜਾਂ ਕੋਈ ਹੋਰ ਐਨਰਜੀ ਡਰਿੰਕਸ ਦੀ ਵਿੱਕਰੀ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਾਹੀ ਦੇ ਇਹ ਹੁਕਮ 21 ਅਪ੍ਰੈਲ 2025 ਤੋਂ ਇੱਕ ਸਾਲ ਲਈ ਪੇਂਡੂ ਸਕੂਲ ਖੇਤਰਾਂ ਵਿੱਚ 100 ਮੀਟਰ ਅਤੇ ਸ਼ਹਿਰੀ ਸਕੂਲ ਖੇਤਰਾਂ ਵਿੱਚ 50 ਮੀਟਰ ਦੇ ਏਰੀਏ ਵਿੱਚ ਲਾਗੂ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿਕ੍ਰੇਤਾਵਾਂ ਨੂੰ ਐੱਫ.ਐੱਸ.ਐੱਸ.ਏ.ਆਈ. ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਹੀ ਮੁਹੱਈਆ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।