ਯੁੱਧ ਨਸ਼ਿਆਂ ਵਿਰੁੱਧ " ਤਹਿਤ ਵਾਰਡ ਨੰਬਰ 14,15ਅਤੇ 16 ਚ ਕੀਤਾ ਗਿਆ ਲੋਕਾਂ ਨੂੰ ਜਾਗਰੂਕ
- ਮੁੱਖ ਤੌਰ ਤੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕੀਤੀ ਸ਼ਿਰਕਤ
- ਸੂਬੇ ਦੀਆਂ ਸਾਬਕਾ ਸਰਕਾਰਾਂ ਦੀਆਂ ਨਕਾਮੀਆਂ ਕਾਰਨ ਪੰਜਾਬ ਚ ਵਧਿਆ ਨਸ਼ਾ - ਵਿਧਾਇਕ ਗਰੇਵਾਲ
ਸੁਖਮਿੰਦਰ ਭੰਗੂ
ਲੁਧਿਆਣਾ 17 ਮਈ 2025 - ਪੰਜਾਬ ਸਰਕਾਰ ਵੱਲੋਂ "ਯੁੱਧ ਨਸ਼ਿਆਂ ਵਿਰੁੱਧ " ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਨ ਲਈ ਅਤੇ ਇਸ ਮੁਹਿੰਮ ਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਹਲਕਾ ਪੂਰਵੀ ਦੇ ਵਾਰਡ ਨੰਬਰ 14,15 ਅਤੇ 16 ਵਿਖੇ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਮੁੱਖ ਤੌਰ ਤੇ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ , ਕੌਂਸਲਰ ਸੁਖਮੇਲ ਸਿੰਘ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ ਗੋਭੀ ਅਤੇ ਕੌਂਸਲਰ ਜਸਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਪੁੱਜੇ ।
ਇਸ ਮੌਕੇ ਤੇ ਵੱਖ - ਵੱਖ ਵਾਰਡਾਂ ਚ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਦੀਆਂ ਨਕਾਮੀਆਂ ਦਾ ਨਤੀਜਾ ਹੈ ਕਿ ਅੱਜ ਨੌਜਵਾਨ ਪੀੜੀ ਨਸ਼ਿਆਂ ਵਿੱਚ ਜਕੜੀ ਜਾ ਚੁੱਕੀ ਹੈ, ਉਹਨਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਸ਼ੇ ਵਰਗੇ ਕੋਹੜ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ , ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਜਿੱਥੇ ਸਾਡਾ ਪੁਲਿਸ ਪ੍ਰਸ਼ਾਸਨ ਇਮਾਨਦਾਰੀ ਨਾਲ ਇਸ ਮੁਹਿੰਮ ਦੇ ਤਹਿਤ ਨਸ਼ੇ ਦੇ ਸਮਗਲਰਾਂ ਨੂੰ ਫੜ ਕੇ ਜੇਲ ਵਿੱਚ ਸੁੱਟ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਸ ਨਸ਼ਾਖੋਰੀ ਦੇ ਧੰਦੇ ਨਾਲ ਜੁੜੇ ਹੋਏ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਵੀ ਚਲਾਏ ਜਾ ਰਹੇ ਹਨ , ਤਾਂ ਜੋ ਸਮਾਜ ਚ ਫੈਲੀ ਇਸ ਨਸ਼ੇ ਦੀ ਬੁਰਾਈ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਜੇ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਪਵੇਗਾ , ਅਤੇ ਚੰਗੇ ਨਾਗਰਿਕ ਹੋਣ ਦਾ ਫਰਜ ਨਿਭਾਉਣਾ ਪਵੇਗਾ। ਇਸ ਮੌਕੇ ਤੇ ਹਾਜ਼ਰ ਵਾਰਡ ਕੌਂਸਲਰਾਂ ਨੇ ਕਿਹਾ ਕਿ ਉਹ ਵੀ ਆਪਣੇ ਤੌਰ ਤੇ ਮੁਹੱਲਾ ਦਰ ਮਹਲਾ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਜੇ ਕੋਈ ਕਿਸੇ ਵੀ ਵਾਰਡ ਦੇ ਕਿਸੇ ਮਹੱਲੇ ਅੰਦਰ ਇਸ ਧੰਦੇ ਨਾਲ ਜੁੜਿਆ ਹੋਇਆ ਹੈ ਤਾਂ ਉਸ ਦੀ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਜਾਣਕਾਰੀ ਦੇਣ ਲਈ ਅਪੀਲ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਮਾਜ ਚ ਫੈਲੀ ਕਿਸੇ ਵੀ ਬੁਰਾਈ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ । ਇਸ ਮੌਕੇ ਤੇ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਇਲਾਕਾ ਵਾਸੀ ਵੀ ਹਾਜ਼ਰ ਸਨ।