ਅਕਾਲ ਅਕੈਡਮੀ ਬਿਲਗਾ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
ਹਰਜਿੰਦਰ ਸਿੰਘ ਭੱਟੀ
ਬਿਲਗਾ 17 ਮਈ 2025 - ਕਲਗੀਧਰ ਟਰਸਟ ਬੜੂ ਸਾਹਿਬ ਵਿਦਿਅਕ ਸੰਸਥਾ ਅਧੀਨ ਚਲ ਰਹੀ ਅਕਾਲ ਅਕੈਡਮੀ ਬਿਲਗਾ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ। ਸਿੱਖਿਆ ਅਤੇ ਸੰਸਕਾਰਾਂ ਨੂੰ ਇਕਸਾਥ ਲੈ ਕੇ ਚੱਲਣ ਵਾਲੀ ਅਕਾਲ ਅਕੈਡਮੀ ਬਿਲਗਾ ਨੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸੌ ਫੀਸਦੀ ਨਤੀਜਾ ਪ੍ਰਾਪਤ ਕਰਦਿਆਂ ਇਕ ਵਾਰ ਫਿਰ ਆਪਣੀ ਗੁਣਵੱਤਾ ਅਤੇ ਨਿਖਾਰ ਨੂੰ ਸਾਬਤ ਕੀਤਾ ਹੈ। ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ, ਜਿਸ ਨਾਲ ਨਾ ਸਿਰਫ਼ ਸਕੂਲ ਦਾ, ਸਗੋਂ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਵੀ ਮਾਣ ਵਧਾਇਆ। ਕਈ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕਰਕੇ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ ਕੀਤੀ।
ਦਸਵੀਂ ਕਲਾਸ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਗੁਰਸ਼ਨ ਸਿੰਘ ਸੰਘੇੜਾ ਨੇ 96.8% ਅੰਕਾਂ ਨਾਲ ਪਹਿਲਾ ਸਥਾਨ, ਪੁਨੀਤ ਕੌਰ ਨੇ 95.6% ਅੰਕਾਂ ਨਾਲ ਦੂਜਾ ਸਥਾਨ ਅਤੇ ਕੋਮਲ ਭਟਾਰਾ ਨੇ 91.4% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕੁੱਲ 62 ਵਿਦਿਆਰਥੀਆਂ ਵਿੱਚੋਂ 44 ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਅਤੇ 18 ਵਿਦਿਆਰਥੀਆਂ ਨੇ ਅੰਗਰੇਜ਼ੀ ਵਿੱਚ 80% ਤੋਂ ਵੱਧ ਅੰਕ ਪ੍ਰਾਪਤ ਕੀਤੇ, 5 ਵਿਦਿਆਰਥੀਆਂ ਨੇ ਪੰਜਾਬੀ ਵਿੱਚ ਸੌ ਵਿੱਚੋਂ ਸੌ ਅੰਕ ਪ੍ਰਾਪਤ ਕੀਤੇ। 5 ਵਿਦਿਆਰਥੀਆਂ ਨੇ ਗਣਿਤ ਵਿੱਚ 80% ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ 19 ਵਿਦਿਆਰਥੀਆਂ ਨੇ ਸਮਾਜਿਕ ਵਿਗਿਆਨ ਵਿੱਚ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 8 ਵਿਦਿਆਰਥੀਆਂ ਨੇ ਵਿਗਿਆਨ ਵਿੱਚ 80% ਤੋਂ ਵੱਧ ਅੰਕ ਪ੍ਰਾਪਤ ਕੀਤੇ। ਅਕਾਲ ਅਕੈਡਮੀ ਬਿਲਗਾ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਨਤੀਜਿਆਂ ਦੀ ਘੋਸ਼ਣਾ ਕਰਦਿਆਂ ਕਿਹਾ, "ਇਹ ਸਫਲਤਾ ਸਿਰਫ਼ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਪਰਿਣਾਮ ਹੈ ਅਤੇ ਨਾਲ ਹੀ ਮਾਪਿਆਂ ਦੇ ਸਹਿਯੋਗ ਅਤੇ ਅਕਾਲ ਅਕੈਡਮੀ ਦੀ ਸੰਸਕਾਰਮਈ ਸਿੱਖਿਆ ਦਾ ਵੀ ਨਤੀਜਾ ਹੈ। ਅਕਾਲ ਅਕੈਡਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਅਧਿਆਤਮ ਅਤੇ ਨੈਤਿਕਤਾ ਨਾਲ ਸੰਪੰਨ ਕਰਨਾ ਹੈ।" ਵਿਦਿਆਰਥੀਆਂ ਦੀ ਉਪਲਬਧੀ ਤੋਂ ਖੁਸ਼ ਮਾਪਿਆਂ ਨੇ ਵੀ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ।