ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਜ਼ਿਲ੍ਹੇ ਦੇ ਬਲਾਕ ਪੱਧਰੀ ਪੰਚਾਇਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਪਿੰਡਾਂ ਵਿੱਚ ਵਿਕਾਸ ਦੇ ਚੱਲ ਰਹੇ ਕੰਮਾਂ ਦੀ ਕੀਤੀ ਸਮੀਖਿਆ
ਪਟਿਆਲਾ, 17 ਮਈ 2025 - ਜ਼ਿਲ੍ਹਾ ਯੋਜਨਾ ਕਮੇਟੀ ਦਫ਼ਤਰ ਪਟਿਆਲਾ ਵਿਖੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਜ਼ਿਲ੍ਹੇ ਵਿੱਚ ਪੈਂਦੇ ਬਲਾਕ ਨਾਭਾ, ਪਟਿਆਲਾ, ਪਟਿਆਲਾ ਦਿਹਾਤੀ, ਸਮਾਣਾ, ਪਾਤੜਾਂ, ਘਨੌਰ, ਸ਼ੰਭੂ, ਰਾਜਪੁਰਾ, ਸਨੌਰ ਤੇ ਭੁੱਨਰਹੇੜੀ ਬਲਾਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ।
ਬੈਠਕ ਮੌਕੇ ਪੰਚਾਇਤ ਵਿਭਾਗ ਦੇ ਅਧਿਕਾਅਆਂ ਨੇ ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਮੂਹ ਬੀ.ਡੀ.ਪੀ.ਓਜ਼ ਅਤੇ ਹੋਰ ਅਧਿਕਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਪੂਰਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਵਿਕਾਸ ਕੰਮਾਂ ਦਾ ਲਾਭ ਮਿਲ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪਟਿਆਲਾ ਜਿਲ੍ਹੇ ਅਧੀਨ ਚੱਲ ਰਹੀਆਂ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਚਾਰ-ਪ੍ਰਸਾਰ ਕੀਤਾ ਜਾਵੇ ਤਾਂ ਜੋ ਲੋਕ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੈ ਸਕਣ।
ਮੀਟਿੰਗ ਦੌਰਾਨ ਜਿਲ੍ਹੇ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਸਰਕਾਰ ਵਲੋਂ ਪਿੰਡਾਂ ਵਿੱਚ ਬਣਾਏ ਜਾਣ ਵਾਲੇ ਖੇਡ ਗਰਾਂਉਂਡ, ਪਾਰਕ, ਜਿੰਮ ਆਦਿ ਨੂੰ ਵਧੀਆ ਢੰਗ ਨਾਲ ਬਣਾਉਣ ਲਈ ਵਿਚਾਰਾਂ ਵਟਾਂਦਰਾ ਕੀਤਾ। ਜੱਸੀ ਸੋਹੀਆਂ ਵਾਲਾ ਨੇ ਇਹ ਵੀ ਹਦਾਇਤ ਕੀਤੀ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਪਿੰਡ ਵਿੱਚ ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਵਧ ਚੜ੍ਹਕੇ ਯੋਗਦਾਨ ਪਾਉਣ ਲਈ ਲਾਮਬੰਦ ਕੀਤਾ ਜਾਵੇ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਰੰਗਲਾ ਪੰਜਾਬ ਸਕੀਮ ਤਹਿਤ ਵੀ ਪਿੰਡਾਂ ਦੇ ਵਿਕਾਸ ਲਈ ਜਲਦ ਹੀ ਫੰਡ ਮੁਹਈਆ ਕਰਵਾਏ ਜਾਣਗੇ।