ਥਾਣਾ ਕਾਹਨੂੰਵਾਨ ਦੇ ਪਿੰਡ ਧਾਵੇ ਵਿੱਚ ਕਿਸਾਨ ਦੇ ਕੀਮਤੀ ਪਸ਼ੂਆਂ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ
- ਪਸ਼ੂਆਂ ਦੇ ਮਾਲਕਾਂ ਨੇ ਪਿੰਡ ਦੇ ਹੀ ਕੁਝ ਲੋਕਾਂ ਉੱਤੇ ਪਸ਼ੂਆਂ ਨੂੰ ਤੇਜਾਬੀ ਭੋਜਨ ਦੇਣ ਦਾ ਸ਼ੱਕ ਪ੍ਰਗਟ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 16 ਮਈ 2025 - ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਧਾਵੇ ਦੇ ਵਿੱਚ ਇੱਕ ਕਿਸਾਨ ਦੇ ਦੁਧਾਰੂ ਪਸ਼ੂਆਂ ਨੂੰ ਜਹਰੀਲਾ ਭੋਜਨ ਦੇਣ ਕਾਰਨ ਇੱਕ ਕੀਮਤੀ ਗਊ ਦੀ ਮੌਤ ਅਤੇ ਕੁਝ ਹੋਰ ਪਸ਼ੂਆਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂਆਂ ਦੇ ਮਾਲਕ ਬਲਬੀਰ ਸਿੰਘ ਪੁੱਤਰ ਸਾਵਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹਵੇਲੀ ਵਿੱਚ ਕੀਮਤੀ ਪਸ਼ੂ ਰੱਖੇ ਹੋਏ ਹਨ। ਸ਼ੁੱਕਰਵਾਰ ਦੀ ਸਵੇਰ ਨੂੰ ਜਦੋਂ ਉਹਨਾਂ ਨੇ ਰੋਜਾਨਾ ਦੀ ਤਰ੍ਹਾਂ ਪਸ਼ੂਆਂ ਦੇ ਵਾੜੇ ਵਿੱਚ ਜਾ ਕੇ ਦੇਖਿਆ ਤਾਂ ਉਹਨਾਂ ਦੀ ਇੱਕ ਗਊ ਫਰਸ਼ ਉੱਤੇ ਕਈ ਤੜਫ ਰਹੀ ਸੀ ਅਤੇ ਦੋ ਹੋਰ ਕੀਮਤੀ ਮੱਝਾਂ ਵੀ ਕਾਫੀ ਗੰਭੀਰ ਹਾਲਤ ਵਿੱਚ ਸਨ।
ਇਸ ਉਪਰੰਤ ਉਹਨਾਂ ਨੇ ਤੁਰੰਤ ਪਸ਼ੂਆਂ ਦੇ ਹਸਪਤਾਲ ਅਤੇ ਡਾਕਟਰਾਂ ਨਾਲ ਰਾਬਤਾ ਕੀਤਾ ਜਿਸ ਉਪਰੰਤ ਪਸ਼ੂਆਂ ਦੇ ਡਾਕਟਰ ਨੇ ਆ ਕੇ ਗੰਭੀਰ ਹਾਲਤ ਵਾਲੇ ਪਸ਼ੂਆਂ ਦਾ ਇਲਾਜ ਕੀਤਾ ਪਰ ਇਸ ਦੌਰਾਨ ਕੁਝ ਮਹੀਨਿਆਂ ਨੂੰ ਸੂਣ ਵਾਲੀ ਗਊ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਵਿੱਚ ਜਮੀਨ ਦੀ ਬੋਲੀ ਦੌਰਾਨ ਕੁਝ ਲੋਕਾਂ ਨਾਲ ਉਹਨਾਂ ਦੀ ਕਹਾ ਸੁਣੀ ਹੋ ਗਈ ਸੀ ਅਤੇ ਉਹਨਾਂ ਲੋਕਾਂ ਵੱਲੋਂ ਕੁਝ ਅਜਿਹਾ ਬੋਲਿਆ ਗਿਆ ਸੀ ਕਿ ਜਿਸ ਤੇ ਉਹਨਾਂ ਦਾ ਸ਼ੱਕ ਉਹਨਾਂ ਲੋਕਾਂ ਉੱਪਰ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਪਸ਼ੂਆਂ ਨੂੰ ਕੀਮਤੀ ਚਾਰੇ ਵਿੱਚ ਤੇਜਾਬ ਮਿਲਾ ਕੇ ਦਿੱਤਾ ਗਿਆ ਹੈ।
ਉਹਨਾਂ ਨੇ ਦੱਸਿਆ ਕਿ ਤੇਜਾਬੋ ਵਾਲੀ ਬੋਤਲ ਵੀ ਪਸ਼ੂਆਂ ਦੇ ਅਹਾਤੇ ਵਿੱਚੋਂ ਮਿਲੀ ਹੈ। ਉਹਨਾਂ ਨੇ ਇਸ ਮੌਕੇ ਇੱਕ ਬਾਟੇ ਵਿੱਚ ਘੋਲਿਆ ਹੋਇਆ ਤਰਲ ਪਦਾਰਥ ਵੀ ਦੱਸਿਆ ਅਤੇ ਕੁਝ ਭਾਂਡਿਆਂ ਵਿੱਚ ਪਈ ਹੋਈ ਫੀਡ ਅਤੇ ਉਸ ਵਿੱਚ ਮਿਲਿਆ ਹੋਇਆ ਤਰਲ ਪਦਾਰਥ ਵੀ ਦੱਸਿਆ। ਇਸ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਕਾਹਨੂੰਵਾਨ ਤੋਂ ਏਐਸਆਈ ਨਿਰਮਲ ਸਿੰਘ ਅਤੇ ਏਐਸਆਈ ਹਰਪਾਲ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਪਰਿਵਾਰ ਕੋਲੋਂ ਲਿਖਤੀ ਤੌਰ ਤੇ ਦਰਖਾਸਤ ਵੀ ਲੈ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਣਦੀ ਤਫਤੀਸ਼ ਕਰਕੇ ਦੋਸ਼ੀਆਂ ਦੀ ਜਰੂਰ ਸ਼ਨਾਖਤ ਕੀਤੀ ਜਾਵੇਗੀ।।