ਨਸ਼ਿਆਂ ਦੀ ਗ੍ਰਿਫ਼ਤ 'ਚੋਂ ਨਿਕਲੇ ਪਿੰਡ ਲਖਣਪਾਲ ਦੇ ਵਾਸੀਆਂ ਨੇ ਚਿਹਰਿਆਂ 'ਤੇ ਖੁਸ਼ੀਆਂ ਲਿਆਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
ਲਖਣਪਾਲ (ਜਲੰਧਰ), 16 ਮਈ 2025 - ਨਸ਼ਿਆਂ ਦੀ ਗ੍ਰਿਫ਼ਤ ਤੋਂ ਮੁਕਤ ਹੋਏ ਪਿੰਡ ਲਖਣਪਾਲ ਦੇ ਵਾਸੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨਾਲ ਪੰਜਾਬੀਆਂ ਦੇ ਚਿਹਰਿਆਂ 'ਤੇ ਮੁੜ ਰੌਣਕ ਪਰਤ ਆਈ ਹੈ।
ਪਿੰਡ ਵਾਸੀ ਸੂਬੇਦਾਰ ਮੇਜਰ (ਸੇਵਾਮੁਕਤ) ਜਤਿੰਦਰ ਕੁਮਾਰ ਨੇ ਕਿਹਾ ਕਿ ਇਹ ਪਿੰਡ ਪਹਿਲਾਂ ਬਹੁਤ ਪ੍ਰਸਿੱਧ ਪਿੰਡ ਸੀ ਪਰ ਫਿਰ ਨਸ਼ਿਆਂ ਕਾਰਨ ਬਦਨਾਮ ਹੋ ਗਿਆ ਕਿਉਂਕਿ ਇਸ ਇਲਾਕੇ ਵਿੱਚ ਨਸ਼ਾ ਤਸਕਰਾਂ ਦਾ ਦਬਦਬਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਸਾਹਮਣੇ ਆਪਣੇ ਪਿੰਡ ਦਾ ਨਾਮ ਲੈਣ ਤੋਂ ਵੀ ਝਿਜਕਦੇ ਸਨ ਪਰ ਹੁਣ ਸੂਬਾ ਸਰਕਾਰ ਨੇ ਪਿੰਡ ਤੋਂ ਇਸ ਕੋਹੜ ਨੂੰ ਮਿਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਕਾਰਨ ਲੋਕ ਹੁਣ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।
ਇਕ ਹੋਰ ਪਿੰਡ ਵਾਸੀ ਹਰਮੇਸ਼ ਲਾਲ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾ ਕੇ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਨਸ਼ਿਆਂ ਦੀ ਸਮੱਸਿਆ ਇੰਨੀ ਗੰਭੀਰ ਸੀ ਕਿ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਵੀ ਨਹੀਂ ਹੁੰਦੇ ਸਨ ਪਰ ਹੁਣ ਸਥਿਤੀ ਬਿਲਕੁਲ ਬਦਲ ਗਈ ਹੈ।
ਪਿੰਡ ਵਾਸੀ ਇੰਦਰਪਾਲ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਉਨ੍ਹਾਂ ਦੇ ਪਿੰਡ ਲਈ ਇੱਕ ਵਰਦਾਨ ਸਾਬਤ ਹੋਇਆ ਹੈ ਕਿਉਂਕਿ ਇਸ ਨੇ ਉਨ੍ਹਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਪਰ ਸੂਬਾ ਸਰਕਾਰ ਨੇ ਇਸ ਸੰਕਟ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਠੋਸ ਯਤਨਾਂ ਸਦਕਾ ਜ਼ਿਆਦਾਤਰ ਨਸ਼ਾ ਤਸਕਰ ਪਿੰਡ ਛੱਡ ਕੇ ਚਲੇ ਗਏ ਹਨ ਜਿਸ ਕਾਰਨ ਇੱਥੇ ਖੁਸ਼ਹਾਲੀ ਪਰਤੀ ਹੈ।
ਪਿੰਡ ਦੇ ਇਕ ਹੋਰ ਨਿਵਾਸੀ ਰੇਸ਼ਮ ਲਾਲ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਆਮ ਆਦਮੀ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸਵਾਗਤਯੋਗ ਕਦਮ ਹੈ ਅਤੇ ਹਰ ਪੰਜਾਬੀ ਨੂੰ ਇਸ ਨੇਕ ਕਾਰਜ ਦਾ ਸਮਰਥਨ ਕਰ ਰਿਹਾ ਹੈ ਕਿਉਂਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨੂੰ ਯਕੀਨੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਕਾਰਾਤਮਕ ਕਦਮ ਲੋੜੀਂਦੇ ਨਤੀਜੇ ਪੈਦਾ ਕਰ ਰਹੇ ਹਨ ਅਤੇ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰ ਰਹੇ ਹਨ।
ਨਸ਼ੇ ਦਾ ਤਿਆਗ ਕਰਨ ਵਾਲੇ ਨੌਜਵਾਨ ਹਰਬੀਰ (ਬਦਲਿਆ ਹੋਇਆ ਨਾਮ) ਨੇ ਕਿਹਾ ਕਿ ਉਹ 22 ਸਾਲਾਂ ਦੀ ਉਮਰ ਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਸੀ ਪਰ ਸੂਬਾ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਉਸ ਨੇ ਨਸ਼ੇ ਛੱਡ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿੰਡ ਸ਼ੇਖੇ ਵਿਖੇ ਸੂਬਾ ਸਰਕਾਰ ਦੇ ਮੁੜ ਵਸੇਬਾ ਕੇਂਦਰ ਨੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਹੈ। ਉਸ ਨੇ ਕਿਹਾ ਕਿ ਕੇਂਦਰ ਵਿੱਚ ਦਿੱਤੀ ਗਈ ਕੰਪਿਊਟਰ ਸਿਖਲਾਈ ਨੇ ਉਸ ਨੂੰ ਮਾਣ-ਸਤਿਕਾਰ ਵਾਲੀ ਜ਼ਿੰਦਗੀ ਜਿਊਣ ਵਿੱਚ ਮਦਦ ਕੀਤੀ ਹੈ।
ਪਿੰਡ ਦੇ ਇਕ ਨਿਵਾਸੀ ਸੁਲੇਖ ਰਾਜ ਨੇ ਵੀ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਮਿਟਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦਾ ਹਰ ਵਾਸੀ ਇਸ ਨੇਕ ਕਾਰਜ ਲਈ ਸੂਬਾ ਸਰਕਾਰ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਵੇਗਾ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਪੁਖਤਾ ਰਣਨੀਤੀ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿੰਡ ਲੰਬੇ ਸਮੇਂ ਤੋਂ ਨਸ਼ਿਆਂ ਦਾ ਕੇਂਦਰ ਰਿਹਾ ਹੈ ਪਰ ਸੂਬਾ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਇਸ ਸਮੱਸਿਆ ਦਾ ਸਫਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਨੇਕ ਕਾਰਜ ਵਿੱਚ ਸੂਬਾ ਸਰਕਾਰ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਹ ਹਰੇਕ ਵਿਅਕਤੀ ਦਾ ਨੈਤਿਕ ਫਰਜ਼ ਹੈ।
ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਸੀਨੀਅਰ ਆਪ ਆਗੂ ਮਨੀਸ਼ ਸਿਸੋਦੀਆ ਅਤੇ ਹੋਰ ਵੀ ਮੌਜੂਦ ਸਨ।