ਨਕਲੀ ਪੁਲਿਸ ਮੁਲਾਜਮ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
- 30,000/- ਰੁਪਏ, ਪੁਲਿਸ ਵਰਦੀ ਅਤੇ ਚਿੱਟੇ ਰੰਗ ਦੀ ਪੁਲਿਸ ਲੋਗੋ ਲੱਗੀ ਟੀ ਸ਼ਰਟ ਬਰਾਮਦ
ਦਲਜੀਤ ਕੌਰ
ਸੰਗਰੂਰ, 16 ਮਈ, 2025: ਦਿਲਪ੍ਰੀਤ ਸਿੰਘ, ਐਸ.ਐਸ. (ਸਥਾਨਕ) ਸੰਗਰੂਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਨੂੰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਨੂੰ ਨਕਲੀ ਪੁਲਿਸ ਮੁਲਾਜਮ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ 30,000/- ਰੁਪਏ, ਪੁਲਿਸ ਵਰਦੀ ਅਤੇ ਚਿੱਟੇ ਰੰਗ ਦੀ ਪੁਲਿਸ ਲੋਗੋ ਲੱਗੀ ਟੀ-ਸ਼ਰਟ ਬ੍ਰਾਮਦ ਕਰਵਾਈ ਗਈ।
ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰਨਵੀਰ ਵਰਮਾਂ ਪੁੱਤਰ ਅਮਰਿੰਦਰ ਵਰਮਾ ਵਾਸੀ ਬੇਨੜਾ ਖਿਲ਼ਾਫ ਇੱਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੋਸਣ ਕਰਨ ਸਬੰਧੀ ਦਰਖਾਸਤ ਦਿੱਤੀ ਸੀ, ਜਿਸਦੀ ਪੜਤਾਲ ਉਪ ਕਪਤਾਨ ਪੁਲਿਸ (CAW) ਸੰਗਰੂਰ ਵੱਲੋਂ ਕੀਤੀ ਜਾ ਰਹੀ ਸੀ ਤਾਂ ਇਸ ਦਰਮਿਆਨ ਤਰਨਵੀਰ ਵਰਮਾਂ ਦੇ ਭਰਾ ਕਰਨਵੀਰ ਵਰਮਾ ਨੂੰ ਉਸਦੇ ਦੋਸਤ ਜਸਕਰਨ ਸਿੰਘ ਵਾਸੀ ਪੇਦਨੀ ਨੇ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਜੌਲੀਆਂ ਨੂੰ ਮਿਲਾਇਆ।
ਅੰਮ੍ਰਿਤਪਾਲ ਸਿੰਘ ਨੇ ਆਪਣੇ ਫੇਸਬੁਕ ਅਤੇ ਇੰਸਟਾਗ੍ਰਾਮ ਪਰ ਆਪਣੀ ਪੁਲਿਸ ਦੀ ਵਰਦੀ ਵਿੱਚ ਅਤੇ ਪਿਸਤੌਲ ਨਾਲ ਫੋਟੋ ਪਾਈ ਹੋਈ ਸੀ, ਜੋ ਆਪਣੇ ਆਪ ਨੂੰ ਪੁਲਿਸ ਮੁਲਾਜਮ ਦੱਸਦਾ ਸੀ। ਜਿਸਨੇ ਕਰਨਵੀਰ ਵਰਮਾਂ ਨੂੰ ਕਿਹਾ ਕਿ ਉਹ ਉਸਦੇ ਭਰਾ ਦੇ ਖਿਲਾਫ ਚੱਲ ਰਹੀ ਦਰਖਾਸਤ ਨੂੰ ਉੱਥੇ ਹੀ ਬੰਦ ਕਰਵਾ ਦੇਵੇਗਾ ਤੇ ਉਸਦੇ ਭਰਾ ਖਿਲਾਫ ਕੋਈ ਕਾਰਵਾਈ ਨਹੀ ਹੋਣ ਦੇਵੇਗਾ। ਇਸ ਕੰਮ ਬਦਲੇ ਅੰਮ੍ਰਿਤਪਾਲ ਸਿੰਘ ਉਕਤ ਨੇ ਪੁਲਿਸ ਦੇ ਨਾਮ ਪਰ ਕਰਨਵੀਰ ਵਰਮਾਂ ਪਾਸੋਂ 2,30,000/- ਰੁਪਏ ਆਪਣੇ ਬੈਂਕ ਖਾਤੇ ਵਿੱਚ ਗੂਗਲ ਪੇਅ ਕਰਵਾਏ ਅਤੇ 2,50,000/- ਰੁਪਏ ਨਗਦ ਲੈ ਲਏ ਸਨ। ਇਸ ਤੋਂ ਇਲਾਵਾ ਹਾਈਕੋਰਟ ਦੇ ਵਕੀਲ ਦੇ ਨਾਮ ਤੇ ਅੰਮ੍ਰਿਤਪਾਲ ਸਿੰਘ ਨੇ 2,00,000/- ਰੁਪਏ ਹੋਰ ਲੈ ਲਏ ਸਨ। ਇਸ ਤਰਾਂ ਅੰਮ੍ਰਿਤਪਾਲ ਸਿੰਘ ਨੇ ਕੁੱਲ 6,80,000/- ਰੁਪਏ ਦੀ ਠੱਗੀ ਮਾਰੀ ਹੈ।
ਇਸ ਤੋਂ ਬਾਅਦ ਜਦੋਂ ਤਰਨਵੀਰ ਵਰਮਾਂ ਦੇ ਖਿਲਾਫ ਬਲਾਤਕਾਰ ਦਾ ਮੁਕੱਦਮਾ ਦਰਜ ਰਜਿਸਟਰ ਹੋ ਗਿਆ ਤਾਂ ਕਰਨਵੀਰ ਵਰਮਾਂ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੁਲਿਸ ਦੇ ਨਾਮ ਪਰ ਪੈਸੇ ਲੈ ਕੇ ਠੱਗੀ ਮਾਰਨ ਸਬੰਧੀ ਦਰਖਾਸਤ ਦਿੱਤੀ, ਜਿਸ ਦੀ ਪੜਤਾਲ ਕਪਤਾਨ ਪੁਲਿਸ (ਸਥਾਨਕ) ਸੰਗਰੂਰ ਵੱਲੋਂ ਕਰਨ ਉਪਰੰਤ ਮੁਕੱਦਮਾ ਨੰਬਰ 84 ਮਿਤੀ 13.05.2025 ਅ/ਧ 318(4),316(2),205 BNS ਅਤੇ 25/54/59 ਆਰਮਜ ਐਕਟ ਥਾਣਾ ਸਿਟੀ-1 ਸੰਗਰੂਰ ਬਰਖਿਲਾਫ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਜੌਲੀਆ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰਨ ਉਪਰੰਤ ਦੋਸੀ ਪਾਸੋਂ 30,000/- ਰੁਪਏ, ਪੁਲਿਸ ਵਰਦੀ ਅਤੇ ਇੱਕ ਚਿੱਟੇ ਰੰਗ ਦੀ ਟੀ-ਸ਼ਰਟ ਜਿਸ ਪਰ ਪੁਲਿਸ ਦਾ ਲੋਗੋ ਲੱਗਿਆ ਹੋਇਆ ਸੀ, ਬ੍ਰਾਮਦ ਕਰਵਾਇਆ ਗਿਆ। ਤਫਤੀਸ਼ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਜੌਲੀਆਂ ਵੱਲੋਂ ਅਵਤਾਰ ਸਿੰਘ ਪੁੱਤਰ ਗੰਢਾ ਸਿੰਘ ਵਾਸੀ ਸਹਿਬਜਾਦਾ ਜੁਝਾਰ ਸਿੰਘ ਨਗਰ ਸੰਗਰੂਰ ਨਾਲ ਸਾਂਝੀ ਨਵੀਂ ਫਾਰਚੂਨਰ ਗੱਡੀ ਲੈ ਕੇ ਉਸ ਪਾਸੋਂ 9,00,000/- ਰੁਪਏ ਹਾਸਲ ਕਰਕੇ ਗੱਡੀ ਦੀ ਆਰ.ਸੀ. ਰਮਨਦੀਪ ਸਿੰਘ ਵਾਸੀ ਜੌਲੀਆਂ ਦੇ ਨਾਮ ਪਰ ਕਰਵਾ ਕੇ ਠੱਗੀ ਮਾਰਨ ਸਬੰਧੀ ਮੁਕੱਦਮਾ ਨੰਬਰ 102 ਮਿਤੀ 15.05.2025 ਅ/ਧ 318(4), 316(2) ਬੀ.ਐਨ.ਐਸ ਥਾਣਾ ਸਿਟੀ ਸੰਗਰੂਰ ਬਰਖਿਲਾਫ ਅੰਮ੍ਰਿਤਪਾਲ ਸਿੰਘ ਉਕਤ ਦਰਜ ਰਜਿਸਟਰ ਕੀਤਾ ਗਿਆ। ਤਫਤੀਸ਼ ਜਾਰੀ ਹੈ।