ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਦਉੱਨਤ ਅਧਿਕਾਰੀਆਂ ਨੂੰ ਦਿੱਤੀਆਂ ਸੁਭਕਾਮਨਾਂਵਾਂ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 16 ਮਈ ,2025 - ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਦੇ ਅੱਠ ਅਧਿਕਾਰੀਆਂ ਨੂੰ ਅੱਜ ਪਦਉੱਨਤ ਕੀਤਾ ਗਿਆ। ਵਿਭਾਗ ਵਿੱਚ ਕੰਮ ਕਰਦੇ ਦੋ ਡਿਪਟੀ ਡਾਇਰੈਕਟਰਾਂ ਨੂੰ ਪਦਉੱਨਤ ਕਰਕੇ ਜੁਆਇੰਟ ਡਾਇਰੈਕਟਰ ਅਤੇ ਪੰਜ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਡਿਪਟੀ ਡਾਇਰੈਕਟਰ ਤੇ ਇਕ ਆਰਟ ਐਗ਼ਜ਼ੈਕਿਟਵ ਨੂੰ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈ।
ਪਦਉੱਨਤ ਹੋਏ ਅੱਠ ਅਧਿਕਾਰੀਆਂ ਨੂੰ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਪ੍ਰਵਾਨਗੀ ਉਪਰੰਤ ਅੱਜ ਨਵੀਂ ਤਾਇਨਾਤੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ 8 ਮਈ ਨੂੰ ਕੀਤੀਆਂ ਗਈਆਂ ਵਿਭਾਗੀ ਤਰੱਕੀ ਕਮੇਟੀਆਂ ਦੀਆਂ ਮੀਟਿੰਗਾਂ ਉਪਰੰਤ ਇਹ ਪਦਉੱਨਤੀਆਂ ਕੀਤੀਆਂ ਗਈਆਂ ਹਨ। ਪਦਉੱਨਤ ਹੋਏ ਅਧਿਕਾਰੀਆਂ ਨੂੰ ਸੂਚਨਾਂ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਸੁੱਭਕਾਮਨਾਵਾ ਦਿੰਦੇ ਹੋਏ ਸਰਕਾਰ ਦੀਆਂ ਪਾਲਸੀਆਂ ਤੇ ਪ੍ਰਾਪਤੀਆਂ ਦਾ ਪ੍ਰਚਾਰ ਹੋਰ ਦ੍ਰਿੜਤਾ ਨਾਲ ਕਰਨ ਅਤੇ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਤੇ ਲੋਕ ਭਲਾਈ ਸਕੀਮਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਕਿਹਾ ਹੈ। ਅੱਜ ਪਦ-ਉੱਨਤ ਕੀਤੇ ਜੁਆਇੰਟ ਡਾਇਰੈਕਟਰ ਨੂੰ ਜਾਰੀ ਕੀਤੇ ਤਾਇਨਾਤੀ ਦੇ ਹੁਕਮਾਂ ਵਿੱਚ ਇਸ਼ਵਿੰਦਰ ਸਿੰਘ ਗਰੇਵਾਲ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਅਤੇ ਮਨਵਿੰਦਰ ਸਿੰਘ ਨੂੰ ਜੁਆਇੰਟ ਡਾਇਰੈਕਟਰ ਪ੍ਰੈੱਸ/ਮੁੱਖ ਮੰਤਰੀ ਅਤੇ ਵਾਧੂ ਚਾਰਜ ਜੁਆਇੰਟ ਡਾਇਰੈਕਟਰ ਬਾਰਡਰ ਰੇਂਜ ਅੰਮ੍ਰਿਤਸਰ ਲਗਾਇਆ ਗਿਆ।
ਇਸੇ ਤਰ੍ਹਾਂ ਪਦ-ਉੱਨਤ ਕੀਤੇ ਛੇ ਡਿਪਟੀ ਡਾਇਰੈਕਟਰਾਂ ਵਿੱਚੋਂ ਰੁਚੀ ਕਾਲੜਾ ਨੂੰ ਬਠਿੰਡਾ, ਰਸ਼ਿਮ ਵਰਮਾ ਨੂੰ ਮੁੱਖ ਦਫ਼ਤਰ ਤੇ ਵਾਧੂ ਚਾਰਜ ਸ੍ਰੀ ਅਨੰਦਪੁਰ ਸਾਹਿਬ, ਨਵਦੀਪ ਸਿੰਘ ਗਿੱਲ ਨੂੰ ਮੁੱਖ ਦਫ਼ਤਰ ਚੰਡੀਗੜ੍ਹ, ਪ੍ਰਭਦੀਪ ਸਿੰਘ ਕੌਲਧਰ ਨੂੰ ਮੁੱਖ ਦਫ਼ਤਰ ਤੇ ਵਾਧੂ ਚਾਰਜ ਸੰਗਰੂਰ, ਹਾਕਮ ਥਾਪਰ ਨੂੰ ਜਲੰਧਰ ਅਤੇ ਹਰਦੀਪ ਸਿੰਘ ਨੂੰ ਮੁੱਖ ਦਫ਼ਤਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਨਵੇਂ ਪਦਉੱਨਤ ਅਧਿਕਾਰੀਆਂ ਨੇ ਅੱਜ ਵਿਭਾਗ ਦੇ ਸਕੱਤਰ ਸ੍ਰੀ ਰਾਮਵੀਰ ਕੋਲ ਜੁਆਇਨ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।