10 ਕੇਂਦਰੀ ਟਰੇਡ ਯੂਨਿਅਨਾਂ ਵਲੋਂ 20 ਮਈ ਦੀ ਹੜਤਾਲ ਮੁਲਤਵੀ ਕਰਨਾ ਅਫਸੋਸਜਨਕ - ਇਫਟੂ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 16 ਮਈ 2025 - ਇਫਟੂ ਪੰਜਾਬ ਨੇ 10 ਕੇਂਦਰੀ ਟਰੇਡ ਯੂਨੀਅਨਾਂ ਵਲੋਂ 20 ਮਈ ਦੀ ਦੇਸ਼ ਵਿਆਪੀ ਹੜਤਾਲ ਨੂੰ ਮੁਲਤਵੀ ਕਰਨ ਨੂੰ ਅਫ਼ਸੋਸਜਨਕ ਅਤੇ ਨਿਰਾਸ਼ਾਜਨਕ ਕਰਾਰ ਦਿੱਤਾ ਹੈ।ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਹ ਮਜ਼ਦੂਰ ਵਰਗ ਨੂੰ ਨਿਰਾਸ਼ ਕਰੇਗਾ, ਮੋਦੀ ਸਰਕਾਰ ਦੇ ਮਜ਼ਦੂਰ ਵਿਰੋਧੀ ਹਮਲਿਆਂ ਨੂੰ ਤੇਜ ਕਰੇਗਾ।ਉਹਨਾਂ ਕਿਹਾ ਕਿ ਜਦੋਂ ਸਰਹੱਦਾਂ 'ਤੇ ਸੀਜ਼ਫਾਇਰ ਹੈ ਤਾਂ ਮਜ਼ਦੂਰ ਹੱਕਾਂ ਦੇ ਖ਼ਿਲਾਫ਼ ਚੱਲ ਰਹੀ ਜੰਗ ਦੇ ਵਿਰੁੱਧ ਲੜਾਈ ਕਿਉਂ ਕਮਜ਼ੋਰ ਕੀਤੀ ਜਾ ਰਹੀ ਹੈ।
ਜਦੋਂ 5 ਮਈ ਨੂੰ ਭਾਰਤ-ਪਾਕ ਸਰਹੱਦੀ ਝੜਪਾਂ ਸ਼ੁਰੂ ਹੋਈਆਂ, ਤਾਂ 9 ਮਈ ਨੂੰ ਇਨ੍ਹਾਂ 10 ਟਰੇਡ ਯੂਨਿਅਨਾਂ ਨੇ ਮਜ਼ਦੂਰ ਵਰਗ ਨੂੰ 20 ਮਈ ਦੀ ਹੜਤਾਲ ਦੀ ਤਿਆਰੀ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ 15 ਮਈ ਨੂੰ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ।ਪਰ ਹੁਣ ਜਦੋਂ ਮੋਦੀ ਸਰਕਾਰ ਨੇ ਵੀ ਪਾਕਿਸਤਾਨ ਨਾਲ ਸੀਜ਼ਫਾਇਰ ਦੀ ਪੁਸ਼ਟੀ ਕਰ ਦਿੱਤੀ ਹੈ ।
ਜਦੋਂ ਸਰਕਾਰ ਖੁਦ ਆਖ ਰਹੀ ਹੈ ਕਿ ਹਾਲਾਤ ਸਾਹਮਣੇ ਆ ਚੁੱਕੇ ਹਨ ਉਦੋਂ ਇਹ 10 ਟਰੇਡ ਯੂਨਿਅਨ ਅਚਾਨਕ ਹੀ ਹੜਤਾਲ ਨੂੰ "ਦੇਸ਼ ਦੀ ਗੰਭੀਰ ਸਥਿਤੀ" ਦੇ ਹਵਾਲੇ ਨਾਲ 9 ਜੁਲਾਈ ਲਈ ਮੁਲਤਵੀ ਕਰ ਦਿੰਦੀਆਂ ਹਨ।
ਇਹ ਬੜੀ ਅਫ਼ਸੋਸਜਨਕ ਗੱਲ ਹੈ। ਇਹ ਓਹੀ ਭਾਜਪਾ ਸਰਕਾਰ ਹੈ ਜਿਸ ਨੇ ਕੋਵਿਡ ਲੌਕਡਾਊਨ ਦੀ ਆੜ 'ਚ ਲੇਬਰ ਕੋਡ ਅਤੇ ਕਾਲੇ ਖੇਤੀ ਕਾਨੂੰਨ ਲਿਆਂਦੇ ਸਨ ।
ਇਹ ਤਾਂ ਪਹਿਲਾਂ ਹੀ ਸਿਰਫ ਇੱਕ ਦਿਨ ਦੀ ਹੜਤਾਲ ਸੀ, ਜਦ ਕਿ ਪਿਛਲੇ ਸਾਲ ਦੀ ਦੋ ਦਿਨਾਂ ਦੀ ਹੜਤਾਲ ਵੀ ਕਮਜ਼ੋਰ ਰਹੀ ਸੀ।ਉਹਨਾਂ ਕਿਹਾ ਕਿ ਸੰਘਰਸ਼ ਹੱਕਾਂ ਦੀ ਰੱਖਿਆ ਲਈ ਹੋਣੇ ਚਾਹੀਦੇ ਹਨ, ਨਾ ਕਿ ਚੋਣਾਂ ਦੇ ਪੈਂਤੜੇ ਤੋਂ ।ਉਹਨਾਂ ਮਜਦੂਰ ਵਰਗ ਨੂੰ ਕਿਹਾ ਹੈ ਕਿ 20 ਮਈ ਦੀ ਹੜਤਾਲ ਲਈ ਕੀਤੀਆਂ ਤਿਆਰੀਆਂ ਵਿਅਰਥ ਨਾ ਜਾਣ ।ਉਹਨਾਂ 20 ਮਈ ਨੂੰ ਮਜ਼ਦੂਰ ਵਰਗ ਉੱਤੇ ਹੋ ਰਹੇ ਹਮਲਿਆਂ ਦੇ ਖਿਲਾਫ ਵਿਰੋਧ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।