ਹੜ੍ਹਾਂ ਦੀ ਰੋਕਥਾਮ ਲਈ ਮੇਅਰ ਨੇ ਵੱਡੀ ਅਤੇ ਛੋਟੀ ਨਦੀ ਦੀ ਸਫਾਈ ਲਈ ਦਿੱਤੇ ਸਖ਼ਤ ਹੁਕਮ
- ਜ਼ਿਲ੍ਹਾ ਪ੍ਰਸ਼ਾਸ਼ਨ ਹੜ੍ਹ, ਹੀਟ ਵੇਵ ਅਤੇ ਐਮਰਜੈਂਸੀ ਸਥਿਤੀ ਤੋਂ ਬਚਣ ਲਈ ਤਿਆਰ- ਇਸ਼ਾ ਸਿੰਗਲ
ਪਟਿਆਲਾ 16 ਮਈ 2025 - ਪਟਿਆਲਾ ਜ਼ਿਲ੍ਹੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੜ੍ਹ ਅਤੇ ਹੀਟ ਵੇਵ ਦੇ ਸੰਭਾਵਿਤ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਇਕ ਅਹਿਮ ਮੀਟਿੰਗ ਕੀਤੀ । ਮੀਟਿੰਗ ਦੌਰਾਨ ਮੇਅਰ ਨੇ ਹੁਕਮ ਦਿੱਤੇ ਕਿ ਸ਼ਹਿਰ ਦੀ ਵੱਡੀ ਨਦੀ ਅਤੇ ਛੋਟੀ ਨਦੀ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤਾਂ ਜੋ ਹੜ੍ਹ ਦੀ ਸੰਭਾਵਨਾ ਨੂੰ ਘਟਾਇਆ ਜਾ ਸਕੇ । ਉਹਨਾਂ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਹੜ੍ਹ ਦੀ ਮਾਰ ਤੋਂ ਬਚਾਅ ਲਈ ਤਿਆਰੀਆਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਰੂਰੀ ਸਰਕਾਰੀ ਮਸ਼ੀਨਰੀ ਤਤਕਾਲ ਤੌਰ ‘ਤੇ ਤਾਇਨਾਤ ਕੀਤੀ ਜਾਵੇ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਮਸ਼ੀਨਰੀ ਅਤੇ ਮਨੁੱਖੀ ਬਲ ਤਾਇਨਾਤ ਕੀਤਾ ਜਾ ਸਕੇ ।
ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਨੇ ਵੱਖ-ਵੱਖ ਵਿਭਾਗਾਂ ਨੂੰ ਹੁਕਮ ਦਿੱਤੇ ਕਿ ਹੀਟ ਵੇਵ ਦੀ ਤੀਬਰਤਾ ਨੂੰ ਦੇਖਦਿਆਂ ਲੋੜੀਂਦੇ ਉਪਕਰਣ ਜਿਵੇਂ ਕਿ ਆਰ.ਓ. , ਫਰਿਜ, ਵਾਟਰ ਕੂਲਰ ਅਤੇ ਏ.ਸੀ.ਆਦਿ ਦੀ ਲੋੜ ਬਾਰੇ ਐਸਟੀਮੇਟ ਤਿਆਰ ਕਰਕੇ ਜਲਦੀ ਭੇਜੇ ਜਾਣ । ਉਹਨਾਂ ਉਚੇਚੇ ਤੌਰ ‘ ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਵੀ ਲੋੜੀਂਦੇ ਉਪਕਰਨਾ ਦੀ ਖਰੀਦ ਲਈ ਫੰਡ ਦੀ ਮੰਗ ਕੀਤੀ ਤਾਂ ਜੋ ਸਕੂਲਾਂ ਵਿੱਚ ਵੀ ਸੁਰੱਖਿਆ ਦੇ ਮਿਆਰ ਨੂੰ ਉੱਚਾ ਕੀਤਾ ਜਾ ਸਕੇ ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਐਮਰਜੈਂਸੀ ਜਾਂ ਜੰਗ ਵਰਗੀ ਸਥਿਤੀ ਵਿੱਚ ਵਰਤੇ ਜਾਣ ਵਾਲੇ ਸਾਇਰਨ ਅਤੇ ਚੇਤਾਵਨੀ ਸਿਸਟਮ ਦੀ ਖਰੀਦ ਲਈ ਵੀ ਵਿਭਾਗਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਫੰਡ ਦੀ ਮੰਗ ਭੇਜਣ ਲਈ ਕਿਹਾ ਤਾਂ ਜੋ ਖ਼ਤਰੇ ਦੀ ਸਥਿਤੀ ਵਿੱਚ ਲੋਕਾਂ ਨੂੰ ਸਮੇਂ ਸਿਰ ਚੇਤਾਵਨੀ ਦਿੱਤੀ ਜਾ ਸਕੇ । ਉਹਨਾਂ ਸਮੂਹ ਵਿਭਾਗਾਂ ਨੂੰ ਆਪਣੇ ਆਪਣੇ ਕਾਰਜ ਤੁਰੰਤ ਪੂਰੇ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਤਾਂ ਜੋ ਕਿਸੇ ਵੀ ਖ਼ਤਰੇ ਦੀ ਸਥਿਤੀ ਵਿੱਚ ਲੋਕਾਂ ਨੂੰ ਸਮੇ ਸਿਰ ਚੇਤਾਵਨੀ ਦਿੱਤੀ ਜਾ ਸਕੇ । ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਹੜ੍ਹਾਂ, ਹੀਟ ਵੇਵ ਅਤੇ ਐਮਰਜੈਂਸੀ ਦੀ ਸਥਿਤੀ ਤੋਂ ਬਚਣ ਲਈ ਤਿਆਰ ਹੈ ।
ਇਸ ਮੌਕੇ ਮਾਲ ਅਫਸਰ ਸ੍ਰੀ ਨਵਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ, ਖੇਡ ਅਫਸਰ ਹਰਪਿੰਦਰ ਸਿੰਘ,ਪਸ਼ੂ ਪਾਲਣ ਵਿਭਾਗ ਤੋਂ ਸਹਾਇਕ ਡਾਇਰੈਕਟਰ ਡਾ: ਸੋਨਿੰਦਰ ਕੌਰ, , ਰੈਡ ਕਰਾਸ ਤੋਂ ਸਕੱਤਰ ਡਾ: ਪੀ.ਐਸ.ਸਿੱਧੂ, ਵਣ ਮੰਡਲ ਅਫਸਰ ਗੁਰਅਮਨਪ੍ਰੀਤ ਸਿੰਘ, ਏ.ਐਫ.ਐਸ.ਓ. ਮਨੂੰ ਲਟਾਵਾ ਤੋ ਇਲਾਵਾ ਮੰਡੀ ਬੋਰਡ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।