ਪੰਜਾਬ ਸਰਕਾਰ ਨੇ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ ਡੇਂਗੂ ਦਾ ਟੈੱਸਟ ਮੁਫ਼ਤ ਕੀਤਾ - ਰਮਨ ਬਹਿਲ
ਡੇਂਗੂ ਪ੍ਰਤੀ ਜਾਗਰੂਕਤਾ ਲੈਦਾ ਕਰਨ ਲਈ ਪ੍ਰਚਾਰ ਵੈਨ ਨੂੰ ਰਵਾਨਾ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ, 16 ਮਈ ਨੈਸ਼ਨਲ ਡੇਂਗੂ ਦਿਵਸ ਮੌਕੇ ਅੱਜ ਅਰਬਨ ਸੀ.ਐੱਚ.ਸੀ. ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕੀਤੀ। ਇਸ ਮੌਕੇ ਸ੍ਰੀ ਰਮਨ ਬਹਿਲ ਵੱਲੋਂ ਡੇਂਗੂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ ਡੇਂਗੂ ਦੇ ਟੈਸਟ ਦੀ ਮੁਫ਼ਤ ਸੁਵਿਧਾ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਗੂ ਦੇ ਟੈੱਸਟਾਂ ਦੇ ਨਾਲ ਹੀ ਇਲਾਜ ਦੀ ਵੀ ਪੂਰੀ ਸੁਵਿਧਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਲਾਜ ਨਾਲੋਂ ਹਮੇਸ਼ਾਂ ਪਰਹੇਜ ਬਿਹਤਰ ਹੁੰਦਾ ਹੈ ਅਤੇ ਇਸੇ ਮਕਸਦ ਤਹਿਤ ਸਿਹਤ ਵਿਭਾਗ ਵੱਲੋ `ਡੇਂਗੂ ਤੇ ਵਾਰ ਹਰ ਸ਼ੁੱਕਰਵਾਰ` ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਲਹਿਰ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਮੁਹਿੰਮ ਕਾਰਨ ਹੀ ਸਾਲ ਦਰ ਸਾਲ ਡੇਂਗੂ ਦੇ ਕੇਸ ਘੱਟ ਹੋਏ ਹਨ ਅਤੇ ਇਨ੍ਹਾਂ ਕੇਸਾਂ ਨੂੰ ਹੋਰ ਵੀ ਘੱਟ ਕੀਤਾ ਜਾ ਰਿਹਾ ਹੈ।
ਚੇਅਰਮੈਨ ਰਮਨ ਬਹਿਲ ਨੇ ਸਮੂਹ ਸਿਹਤ ਕਰਮਚਾਰੀਆਂ ਨੂੰ ਕਿਹਾ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਵਿੱਚ ਤਨਦੇਹੀ ਨਾਲ ਕੰਮ ਕੀਤਾ ਜਾਵੇ ਅਤੇ ਇਸ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਡੇਂਗੂ ਫੈਲਣ ਦਾ ਜਿਆਦਾ ਖਤਰਾ ਹੈ ਉਥੇ ਸਪੈਸ਼ਲ ਟੀਮਾਂ ਲਗਾਈਆਂ ਜਾਣ। ਡੇਂਗੂ ਟੈਸਟਿੰਗ ਦੇ ਨਾਲ ਲਾਰਵਾ ਖਤਮ ਕੀਤਾ ਜਾਵੇ ਅਤੇ ਫੋਗਿੰਗ ਦਾ ਵੀ ਪ੍ਰਬੰਧ ਕੀਤਾ ਜਾਵੇ। ਸ੍ਰੀ ਬਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ
ਉਹ ਆਪਣੇ ਘਰਾਂ ਦੇ ਆਸ-ਪਾਸ ਪਾਣੀ ਨਾ ਖੜ੍ਹਾ ਹੋਣ ਦੇਣ। ਜੇ ਕਿਤੇ ਮੱਛਰ ਦਾ ਲਾਰਵਾ ਹੋਵੇ ਤਾਂ ਉਸ ਨੂੰ ਨਸ਼ਟ ਕੀਤਾ ਜਾਵੇ। ਮਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾਵੇ ਅਤੇ ਬੁਖਾਰ ਹੋਣ `ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਡੇਂਗੂ, ਮਲੇਰੀਆ ਦੀ ਰੋਕਥਾਮ ਅਤੇ ਜਾਗਰੂਕਤਾ ਲਈ 101 ਟੀਮਾਂ ਬਣਾਈ ਗਈਆਂ ਹਨ। ਬ੍ਰੀਡਿੰਗ ਚੈਕਰ ਦੀ ਵੀ ਭਰਤੀ ਕੀਤੀ ਗਈ ਹੈ ਅਤੇ ਫੀਲਡ ਸਟਾਫ ਵਲ਼ੋ ਡੇਂਗੂ ਅਤੇ ਮਲੇਰੀਆ ਦੀ ਜਾਂਚ ਲਈ ਘਰਾਂ ਅਤੇ ਹੋਰ ਜਗ੍ਹਾ `ਤੇ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਲਿਟਲ ਚੈਂਪੀਅਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਮੱਛਰਾਂ ਨਾਲ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਗਤੀਵਿਧੀ ਜਾਰੀ ਹਨ।
ਇਸ ਮੌਕੇ ਉਨ੍ਹਾਂ ਸਕੂਲੀ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਲਿਟਲ ਚੈਂਪੀਅਨ ਮੁਹਿੰਮ ਵਿੱਚ ਵਧੀਆ ਕਾਰਗੁਜ਼ਾਰੀ ਕੀਤੀ ਸੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਕਲਸੀ, ਐੱਸ.ਐੱਮ.ਓ. ਡਾ. ਅਰਵਿੰਦ ਮਹਾਜਨ, ਜ਼ਿਲ੍ਹਾ ਐਪੀਡਮੋਲੋਜਿਸਟ ਗੁਰਪ੍ਰੀਤ ਕੌਰ, ਡਾ. ਭਾਵਨਾ ਸ਼ਰਮਾ, ਡਾ. ਮਮਤਾ, ਡਾ. ਵੰਦਨਾ, ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ, ਜੋਬਨਪ੍ਰੀਤ, ਜਗਦੀਸ਼ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।