ਕੱਲ੍ਹ 16 ਮਈ ਤੋਂ ਵੱਖ-ਵੱਖ ਪਿੰਡਾਂ ਵਿੱਚ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕੀਤੀ ਜਾਵੇਗੀ
ਲੋਕਾਂ ਨੂੰ ‘ਨਸ਼ਾ ਮੁਕਤੀ ਯਾਤਰਾ’ ਨਾਲ ਜੁੜਨ ਦੀ ਅਪੀਲ
ਰੋਹਿਤ ਗੁਪਤਾ
ਬਟਾਲਾ, 15 ਮਈ ਪੰਜਾਬ ਸਰਕਾਰ ਵਲੋਂ ਬੀਤੀ 24 ਫਰਵਰੀ ਤੋਂ ਆਰੰਭੀ ਨਸ਼ਿਆਂ ਵਿਰੁੱਧ ਫ਼ੈਸਲਾਕੁਨ ਲੜਾਈ ਦੇ ਅਗਲੇ ਪੜਾਅ ਵਿੱਚ ਹੁਣ ਸਰਕਾਰ ਵੱਲੋਂ 16 ਮਈ ਤੋਂ ਪਿੰਡ ਪੱਧਰ ਅਤੇ ਵਾਰਡ ਪੱਧਰ ’ਤੇ ਜਾ ਕੇ ਰੱਖਿਆ ਕਮੇਟੀਆਂ ਅਤੇ ਆਮ ਲੋਕਾਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਮੀਟਿੰਗਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕੱਲ੍ਹ 16 ਮਈ ਤੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਕੱਲ 16 ਮਈ ਨੂੰ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਹਲਕੇ ਦੇ ਪਿੰਡ ਲੱਖੋਰਾ ਵਿਖੇ ਸ਼ਾਮ 4 ਵਜੇ, ਦੀਵਾਨੀਵਾਲ ਕਲਾਂ ਵਿਖੇ ਸ਼ਾਮ 5 ਵਜੇ ਅਤੇ ਦੀਵਾਨੀਵਾਲ ਖੁਰਦ ਵਿਖੇ ਸ਼ਾਮ 6 ਵਜੇ ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ।
ਇਸੇ ਤਰਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੀ ਅਗਵਾਈ ਹੇਠ ਸ਼ਾਮ 4 ਵਜੇ ਪਿੰਡ ਵੱਡਾ ਰੰਗੜ ਨੰਗਲ ਵਿਖੇ, ਸ਼ਾਮ 5 ਵਜੇ ਜੇਤੋ ਸਰਜਾ ਅਤੇ ਜਹਾਦਪੁਰ ਵਿਖੇ ਸ਼ਾਮ 6 ਵਜੇ ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗਾ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਨਸ਼ਾ ਮੁਕਤੀ ਯਾਤਰਾ’ ਨਾਲ ਜੁੜਨ ਅਤੇ ਨਸ਼ੇ ਨੂੰ ਜੜੋ ਖ਼ਤਮ ਕਰਨ ਲਈ ਅੱਗੇ ਆ ਕੇ ਸਹਿਯੋਗ ਕਰਨ।