ICCW ਬਹਾਦਰੀ ਪੁਰਸਕਾਰਾਂ ਲਈ ਬੱਚਿਆਂ ਅਤੇ ਨੌਜਵਾਨਾਂ ਲਈ- 2025 ਲਈ ਨਾਮਜ਼ਦਗੀਆਂ ਮੰਗੀਆਂ ਗਈਆਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਮਈ: ਭਾਰਤੀ ਬਾਲ ਭਲਾਈ ਪ੍ਰੀਸ਼ਦ ਨੇ ਬੱਚਿਆਂ ਅਤੇ ਨੌਜਵਾਨਾਂ ਪਾਸੋਂ ਆਈ ਸੀ ਸੀ ਡਬਲਯੂ ਬਹਾਦਰੀ ਪੁਰਸਕਾਰਾਂ - 2025 ਲਈ ਅਰਜ਼ੀਆਂ ਮੰਗੀਆਂ ਹਨ। ਜਾਣਕਾਰੀ ਦਿੰਦੇ ਹੋਏ, ਡਾ. ਪ੍ਰੀਤਮ ਸਿੱਧੂ, ਸਕੱਤਰ, ਬਾਲ ਭਲਾਈ ਪ੍ਰੀਸ਼ਦ, ਪੰਜਾਬ ਨੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ, 6 ਤੋਂ 18 ਸਾਲ ਦੀ ਉਮਰ (ਬਾਲ ਪੁਰਸਕਾਰ) ਜਾਂ 18 ਤੋਂ 24 ਸਾਲ ਦੀ ਉਮਰ (ਯੁਵਾ ਪੁਰਸਕਾਰ) ਦੇ ਯੋਗ ਪ੍ਰਾਰਥੀਆਂ ਦੀਆਂ ਨਾਮਜ਼ਦਗੀਆਂ ਡਿਪਟੀ ਕਮਿਸ਼ਨਰ ਦਫ਼ਤਰਾਂ ਰਾਹੀਂ ਨਿਰਧਾਰਿਤ ਫਾਰਮੈਟ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
ਹੋਰ ਵੇਰਵੇ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਡੁੱਬਣ ਅਤੇ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਬਚਾਉਣ ਦੇ ਮਾਮਲੇ ਬਹਾਦਰੀ ਦੇ ਪ੍ਰਤੀਕ ਹਨ ਪਰ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਹੋ ਸਕਦੀਆਂ ਹਨ, ਜਿੱਥੇ ਇੱਕ ਬੱਚੇ ਦੀ ਬਹਾਦਰੀ ਦਾ ਖਾਸ ਕੰਮ ਸਪੱਸ਼ਟ ਤੌਰ 'ਤੇ ਦਿਖਾਈ ਦੇਵੇ। ਇਹ ਜਾਨ ਦੇ ਜੋਖਮ, ਸਰੀਰਕ ਸੱਟ ਦੇ ਖ਼ਤਰੇ ਅਤੇ ਜਾਂ ਕਿਸੇ ਸਮਾਜਿਕ ਬੁਰਾਈ/ਅਪਰਾਧ ਦੇ ਵਿਰੁੱਧ ਹਿੰਮਤ ਅਤੇ ਦਲੇਰੀ ਭਰਪੂਰ ਸਵੈ-ਇੱਛਾ ਨਾਲ ਨਿਰਸਵਾਰਥ ਸੇਵਾ ਦਾ ਕੰਮ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ 1 ਜੁਲਾਈ, 2024 ਤੋਂ 30 ਸਤੰਬਰ, 2025 ਦੇ ਵਿਚਕਾਰ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ, ਡਿਪਟੀ ਕਮਿਸ਼ਨਰ ਦਫ਼ਤਰਾਂ ਰਾਹੀਂ ਬਾਲ ਭਲਾਈ ਪ੍ਰੀਸ਼ਦ ਦਫ਼ਤਰ ਨੂੰ 5 ਅਕਤੂਬਰ, 2025 ਤੱਕ ਪਹੁੰਚਣੀਆਂ ਲਾਜ਼ਮੀ ਹਨ। ਹਰੇਕ ਅਰਜ਼ੀ ਦੇ ਨਾਲ ਕੇਸ ਦੀ "ਤਸਦੀਕ" ਕੀਤੀ ਹੋਣੀ ਚਾਹੀਦੀ ਹੈ। ਅਰਜ਼ੀ ਦੀ ਸਿਫ਼ਾਰਸ਼ ਉਸ ਸਕੂਲ/ਕਾਲਜ ਦੇ ਪ੍ਰਿੰਸੀਪਲ/ਮੁੱਖ ਅਧਿਆਪਕ, ਰਾਜ/ਯੂਟੀ ਬਾਲ ਭਲਾਈ ਪ੍ਰੀਸ਼ਦ ਦੇ ਪ੍ਰਧਾਨ ਜਾਂ ਜਨਰਲ ਸਕੱਤਰ ਜਾਂ ਕਿਸੇ ਹੋਰ ਅਹੁਦੇਦਾਰ ਜਾਂ ਕਿਸੇ ਸੇਵਾਮੁਕਤ ਸਰਕਾਰੀ ਅਧਿਕਾਰੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅਧੂਰੀਆਂ ਅਰਜ਼ੀਆਂ ਜਾਂ ਨਿਰਧਾਰਤ ਫਾਰਮੈਟ ਵਿੱਚ ਨਾ ਭੇਜੀਆਂ ਗਈਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸਾਰੇ ਸਹਾਇਕ ਦਸਤਾਵੇਜ਼ ਸੂਚੀਬੱਧ ਸਮਰੱਥ ਅਧਿਕਾਰੀਆਂ ਦੁਆਰਾ ਸਹੀ ਢੰਗ ਨਾਲ ਪ੍ਰਮਾਣਿਤ ਕੀਤੇ ਜਾਣ ਅਤੇ ਸਥਾਨਕ/ਖੇਤਰੀ ਭਾਸ਼ਾ ਵਿੱਚ ਸਾਰੇ ਦਸਤਾਵੇਜ਼ ਹਿੰਦੀ/ਅੰਗਰੇਜ਼ੀ ਵਿੱਚ ਅਨੁਵਾਦ ਦੇ ਨਾਲ ਹੋਣ। ਅਖ਼ਬਾਰਾਂ ਦੀਆਂ ਕਲਿੱਪਿੰਗਾਂ/ਮੈਗਜ਼ੀਨ ਦੀਆਂ ਕਲਿੱਪਿੰਗਾਂ ਅਰਜ਼ੀ ਫਾਰਮ ਨਾਲ ਨੱਥੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਇਨ੍ਹਾਂ ਪੁਰਸਕਾਰਾਂ ਵਿੱਚ 1,00,000/- ਰੁਪਏ ਦੀ ਇਨਾਮੀ ਰਾਸ਼ੀ ਵਾਲੇ ਆਈ ਸੀ ਸੀ ਡਬਲਯੂ ਭਾਰਤ ਪੁਰਸਕਾਰ ਤੋਂ ਇਲਾਵਾ 75,000 ਰੁਪਏ ਦੀ ਇਨਾਮੀ ਰਾਸ਼ੀ ਵਾਲੇ ਆਈ ਸੀ ਸੀ ਡਬਲਯੂ ਧਰੁਵ ਪੁਰਸਕਾਰ, ਆਈ ਸੀ ਸੀ ਡਬਲਯੂ ਮਾਰਕੰਡੇਯ ਪੁਰਸਕਾਰ, ਆਈ ਸੀ ਸੀ ਡਬਲਯੂ ਸ਼ਰਵਣ ਪੁਰਸਕਾਰ, ਆਈ ਸੀ ਸੀ ਡਬਲਯੂ ਪ੍ਰਹਿਲਾਦ ਪੁਰਸਕਾਰ, ਆਈ ਸੀ ਸੀ ਡਬਲਯੂ ਏਕਲਵਿਆ ਪੁਰਸਕਾਰ, ਆਈ ਸੀ ਸੀ ਡਬਲਯੂ ਅਭਿਮਨਿਊ ਪੁਰਸਕਾਰ ਅਤੇ 40,000 ਰੁਪਏ ਦੀ ਇਨਾਮੀ ਰਾਸ਼ੀ ਵਾਲੇ ਜਨਰਲ ਪੁਰਸਕਾਰਾਂ ਤੋਂ ਇਲਾਵਾ ਇੱਕ ਤਗਮਾ (ਸੋਨਾ/ਚਾਂਦੀ) ਅਤੇ ਇੱਕ ਸਰਟੀਫਿਕੇਟ ਸ਼ਾਮਲ ਹਨ।