Mohali: ਜ਼ਿਲ੍ਹਾ ਪੱਧਰੀ ਟੀਮ ਵੱਲੋਂ ਹਾਈਬ੍ਰਿਡ ਝੋਨੇ ਦੀ ਵਿਕਰੀ ਸਬੰਧੀ ਚੈਕਿੰਗ
ਸਰਕਾਰ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸ਼ਿਫਾਰਸਾਂ ਤੇ ਹਾਈਬ੍ਰਿਡ ਝੋਨੇ ਦੀਆਂ ਸਾਰੀਆਂ ਕਿਸਮਾਂ ਦੀ ਵਿਕਰੀ ਤੇ ਹੈ ਪੂਰਨ ਪਾਬੰਦੀ
ਐੱਸ ਏ ਐੱਸ ਨਗਰ, 14 ਮਈ, 2025: ਸੰਯੁਕਤ ਡਾਇਰੈਕਟਰ, ਖੇਤੀਬਾੜੀ (ਘਣੀ ਖੇਤੀ) ਪੰਜਾਬ ਅਤੇ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਅਧੀਨ ਬਲਾਕ ਖਰੜ, ਡੇਰਾਬੱਸੀ ਅਤੇ ਮਾਜਰੀ ਦੀਆਂ ਮੰਡੀਆਂ ਵਿੱਚ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ਅਤੇ ਗੋਦਾਮਾਂ ਦੀ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ, ਡਾ. ਰਮਨ ਕਰੋੜੀਆ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦਿਆਲ ਕੁਮਾਰ ਅਤੇ ਡਾ. ਜਸਵਿੰਦਰ ਸਿੰਘ ਦੁਆਰਾ ਚੈਕਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸ਼ਿਫਾਰਸਾਂ ਤੇ ਹਾਈਬ੍ਰਿਡ ਝੋਨੇ ਦੀਆਂ ਸਾਰੀਆਂ ਕਿਸਮਾਂ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਤਾਂ ਜੋ ਮੰਡੀਕਰਨ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਲਈ ਵਿਭਾਗ ਵੱਲੋਂ ਇਨ੍ਹਾਂ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਸਮੇਂ ਸਮੇਂ ਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਕੋਈ ਵੀ ਬੀਜ ਵਿਕਰੇਤਾ ਹਾਈਬ੍ਰਿਡ ਝੋਨੇ ਦਾ ਬੀਜ ਕਿਸਾਨਾਂ ਨੂੰ ਮੁਹੱਈਆ ਨਾ ਕਰੇ। "ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਤੇ ਪਾਬੰਦੀ ਸਬੰਧੀ ਖਰੜ ਦੇ ਪ੍ਰਮੁੱਖ ਬੀਜ ਵਿਕਰੇਤਾਵਾਂ ਵੱਲੋਂ ਕਿਹਾ ਗਿਆ ਕਿ ਉਹ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਇਸ ਕਦਮ ਨਾਲ ਸਹਿਮਤ ਹਨ ਅਤੇ ਵਪਾਰਕ ਪੱਖ ਤੋਂ ਸੰਤੁਸ਼ਟ ਹਨ, ਕਿਉਂਕਿ ਹਾਈਬ੍ਰਿਡ ਬੀਜ ਮੰਗਵਾਉਣ ਲਈ ਉਨ੍ਹਾਂ ਨੂੰ ਕੰਪਨੀਆਂ ਨੂੰ ਅਗਾਊਂ ਤੌਰ ਤੇ ਵਧੇਰੇ ਪੂੰਜੀ ਅਦਾ ਕਰਨੀ ਪੈਂਦੀ ਸੀ।"
ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਬੀਜ ਐਕਟ ਅਧੀਨ ਕੁੱਲ 30 ਸੈਂਪਲ ਲੈ ਕੇ ਬੀਜ ਪਰਖ ਦੇ ਮਾਪਦੰਡਾਂ ਨੂੰ ਜਾਂਚਣ ਲਈ ਲੈਬੋਰਟਰੀਆਂ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਨੇ ਬੀਜ ਡੀਲਰਾਂ ਪਾਸ ਉਪਲਬੱਧ ਝੋਨੇ ਦੀਆਂ ਕਿਸਮਾਂ ਪੀ.ਆਰ-126,ਪੀ.ਆਰ-114, ਪੀ.ਆਰ-128,ਪੀ.ਆਰ.-121, ਪੀ.ਬੀ. 1692,ਪੀ.ਬੀ.1509, ਪੀ.ਬੀ.1401 ਅਤੇ ਪੀ.ਬੀ. 1718 ਦੀ ਬਿਜਾਈ ਨੂੰ ਤਰਜੀਹ ਦੇਣ ਲਈ ਕਿਸਾਨ ਵੀਰਾਂ ਨੂੰ ਅਪੀਲ ਕੀਤੀ।