ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਵਧੀਆ ਹੱਲ ਨਿਰੰਤਰ ਯੋਗ ਅਭਿਆਸ: SDM ਦਮਨਦੀਪ ਕੌਰ
ਟ੍ਰੇਨਰ ਪੂਜਾ ਰਾਵਤ ਵੱਲੋਂ ਮੋਹਾਲੀ ਦੀਆਂ ਵੱਖ-ਵੱਖ ਥਾਵਾਂ ਤੇ ਲਾਏ ਜਾ ਰਹੇ ਨੇ ਰੋਜ਼ਾਨਾ 6 ਯੋਗਾ ਸੈਸ਼ਨ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਮਈ, 2025: ਮੁੱਖ ਮੰਤਰੀ, ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਸਿਹਤ ਤੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਤਨਾਅ ਮੁਕਤ ਰੱਖਣ ਦੇ ਮਕਸਦ ਨਾਲ ਚਲਾਈ ਜਾ ਰਹੀ ਸੀ ਐਮ ਦੀ ਯੋਗਸ਼ਾਲਾ ਦਾ ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀ ਭਰਪੂਰ ਲਾਹਾ ਲੈ ਰਹੇ ਹਨ। ਐਸ.ਡੀ.ਐਮ.ਮੋਹਾਲੀ, ਦਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਵਿਖੇ ਮੁੱਖ ਮੰਤਰੀ ਦੀਆਂ ਬਿਲਕੁੱਲ ਮੁਫਤ ਚਲ ਰਹੀਆ ਯੋਗ ਸ਼ਾਲਾਵਾਂ ਵਿੱਚ ਯੋਗਾ ਅਭਿਆਸ ਨਾਲ ਲੋਕ ਪੁਰਾਣੀਆਂ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ।
ਟ੍ਰੇਨਰ ਪੂਜਾ ਰਾਵਤ ਅਨੁਸਾਰ ਰੋਜ਼ਾਨਾ ਸੈਸ਼ਨ (ਯੋਗਾ ਕਲਾਸ) ਵਿੱਚ ਭਾਗੀਦਾਰਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਉਨ੍ਹਾਂ ਵੱਲੋਂ ਰੋਜ਼ਾਨਾ ਛੇ ਯੋਗਾ ਸੈਸ਼ਨ ਲਗਾਏ ਜਾਂਦੇ ਹਨ। ਜਿੰਨ੍ਹਾਂ ਵਿੱਚ ਉਨ੍ਹਾਂ ਵੱਲੋਂ ਇਹ ਛੇ ਕਲਾਸਾਂ ਸਵੇਰੇ 4.50 ਤੋਂ ਸ਼ੁਰੂ ਕਰਕੇ ਸ਼ਾਮ 6.00 ਵਜੇ ਤੱਕ ਲਗਾਈਆ ਜਾਦੀਆਂ ਹਨ।
ਵਧੇਰੇ ਜਾਣਕਾਰੀ ਦਿੰਦੇ ਹੋਏ ਯੋਗਾ ਟ੍ਰੇਨਰ ਪੂਜਾ ਰਾਵਤ ਨੇ ਦੱਸਿਆ ਕਿ ਉਸ ਵੱਲੋਂ ਮੋਹਾਲੀ ਵਿਖੇ ਵੱਖ-ਵੱਖ ਥਾਵਾਂ ਤੇ ਲਗਾਏ ਜਾਂਦੇ ਯੋਗਾ ਸੈਸ਼ਨਾਂ ਵਿੱਚ ਉਹ ਆਪਣੀ ਪਹਿਲੀ ਕਲਾਸ ਫੇਜ਼-4, ਸੈਕਟਰ-59 ਵਿਖੇ ਸਵੇਰੇ 4.50 ਤੋਂ 5.50 ਵਜੇ ਤੱਕ, ਦੂਸਰੀ ਅਤੇ ਪੰਜਵੀਂ ਕਲਾਸ ਗਾਇਤਰੀ ਮੰਦਿਰ ਫੇਜ਼-1, ਸੈਕਟਰ-55 ਵਿਖੇ ਸਵੇਰੇ 5.55 ਤੋਂ 6.55 ਵਜੇ ਤੱਕ ਅਤੇ ਬਾਅਦ ਦੁਪਿਹਰ 3.50 ਤੋਂ 4.50 ਵਜੇ ਤੱਕ, ਤੀਸਰੀ ਅਤੇ ਚੌਥੀ ਕਲਾਸ (ਪਾਰਕ 23), ਫੇਜ਼-1, ਸੈਕਟਰ-55 ਵਿਖੇ ਸਵੇਰੇ 7.00 ਵਜੇ ਤੋਂ 8.00 ਵਜੇ ਤੱਕ ਅਤੇ 8.05 ਤੋਂ 9.05 ਵਜੇ ਤੱਕ ਅਤੇ ਛੇਵੀਂ ਕਲਾਸ ਪਾਰਕ-19, ਫੇਜ਼-1 ਵਿਖੇ ਸ਼ਾਮ 5.00 ਵਜੇ ਤੋਂ 6.00 ਵਜੇ ਤੱਕ ਲਗਾਈ ਜਾਂਦੀ ਹੈ।
ਟ੍ਰੇਨਰ ਪੂਜਾ ਰਾਵਤ ਨੇ ਦੱਸਿਆ ਕਿ ਜਿਵੇਂ-ਜਿਵੇਂ ਉਨ੍ਹਾਂ ਦੀਆਂ ਕਲਾਸਾਂ ਵਿੱਚ ਭਾਗੀਦਾਰਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਉਸ ਨਾਲ ਭੀਗੀਦਾਰਾਂ ਦਾ ਉਤਸ਼ਾਹ ਵੀ ਵੱਧਦਾ ਹੈ। ਉਹ ਆਪਣੇ ਵਿਚਾਰ ਇੱਕ ਦੂਸਰੇ ਨਾਲ ਸਾਂਝੇ ਕਰਦੇ ਹਨ, ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਗਿਆ ਹੈ। ਮੋਹਾਲੀ ਦੇ ਵੱਖ-ਵੱਖ ਸੈਕਟਰਾਂ ’ਚ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 105 ਤੋਂ ਵਧੇਰੇ ਸ਼ਹਿਰ ਵਾਸੀ ਸ਼ਾਮਿਲ ਹੋ ਕੇ ਆਪਣੀ ਜੀਵਨ ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਯੋਗਾ ਦਾ ਰੋਜ਼ਾਨਾ ਅਭਿਆਸ ਸਰੀਰ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਲਾਭਦਾਇਕ ਸਿੱਧ ਹੋ ਰਿਹਾ ਹੈ। ਯੋਗਾ ਦੇ ਰੋਜ਼ਾਨਾ ਅਭਿਆਸ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਯੋਗ ਸੈਸ਼ਨਾਂ ਦੌਰਾਨ ਕੁਝ ਲੋਕ ਅਜਿਹੇ ਹਨ, ਜੋ ਕਿ ਨਿਰਵਿਘਨ ਯੋਗਾ ਕਲਾਸਾਂ ਲਗਾ ਰਹੇ ਹਨ ਅਤੇ ਉਨ੍ਹਾਂ ਨੇ ਯੋਗਾ ਨੂੰ ਆਪਣੀ ਰੋਜਾਨਾ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਯੋਗਾ ਨੇ ਜਿਨ੍ਹਾਂ ਦੀ ਨੀਰਸ ਜ਼ਿੰਦਗੀ ’ਚ ਪੂਰਨ ਤੌਰ ਤੇ ਬਦਲਾਅ ਲੈ ਆਂਦਾ ਹੈ।
ਉਨ੍ਹਾਂ ਕਿਹਾ ਕਿ ਯੋਗ ਸਾਧਕ ਬਣਨ ਲਈ ਬੱਸ ਇੱਕ ਵਾਰ ਮਨ ਨੂੰ ਧਿਆਨ ’ਚ ਲਿਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਯੋਗਾ ਦੇ ਸਰੀਰ ’ਤੇ ਪੈਣ ਵਾਲੇ ਚੰਗੇ ਪ੍ਰਭਾਵ ਤੋਂ ਬਾਅਦ ਯੋਗਾ ਨੂੰ ਛੱਡਣਾ ਅਸੰਭਵ ਹੋ ਜਾਂਦਾ ਹੈ। ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in 'ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟ੍ਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ 'ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟ੍ਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਨਵੇਂ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।