ਪੰਜਾਬ ਸਰਕਾਰ ਵਲੋਂ ਪਾਬੰਦੀਸ਼ੁਦਾ 30 ਲਿਟਰ ਗਲਾਈਫੋਸੇਟ ਕੀਟਨਾਸ਼ਕ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਦੌਰਾਨ ਬਰਾਮਦ
- ਥਾਣਾ ਕਲਾਨੌਰ ਵਿੱਚ ਸਬੰਧਤ ਕੀਟਨਾਸ਼ਕ ਵਿਕ੍ਰੇਤਾ ਖਿਲਾਫ ਪਰਚਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ:3 ਮਈ 2025 - ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਦੀਆਂ ਵਿਸ਼ੇਸ਼ ਹਦਾਇਤਾਂ ਤੇ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਜ਼ਿਲਾ ਗੁਰਦਾਸਪੁਰ ਵਿੱਚ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਜੀ ਦੇ ਨਿਰਦੇਸ਼ਾਂ ਤਹਿਤ ਖੇਤੀ ਸਮਤਗਰੀ ਵਿਕ੍ਰੇਤਾਵਾਂ ਦੀਆ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਤੋਂ ਇਲਾਵਾ ਬੀਜ,ਖਾਦਾਂ ਅਤੇ ਕੀਟਨਾਸ਼ਕਾਂ ਦੇ ਸੈਂਪਲ ਭਰੇ ਜਾ ਰਹੇ ਹਨ।ਇਸ ਲੜੀ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਵਿਸ਼ੇਸ਼ ਟੀਮ ਵੱਲੋਂ ਡਾ.ਮਨਪ੍ਰੀਤ ਸਿੰਘ ਖੇਤੀਬਾੜੀ ਅਫਸਰ (ਪੌਦ ਸੁਰੱਖਿਆ) ਦੀ ਅਗਵਾਈ ਵਿੱਚ ਬਲਾਕ ਕਲਾਨੌਰ ਦੇ ਪਿੰਡ ਨੜਾਂਵਾਲੀ ਸਥਿਤ ਕਾਹਲੋਂ ਖਾਦ ਸਟੋਰ ਦੇ ਗੁਦਾਮ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ 30 ਲਿਟਰ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਕੀਟਨਾਸ਼ਕ ਗਲਾਈਫੋਸੇਟ ਬਰਾਂਡ ਰਾਉਂਡਅਪ ਫੜੀ ਗਈ ਅਤੇ ਸਬੰਧਤ ਕੀਟਨਾਸ਼ਕ ਵਿਕ੍ਰੇਤਾ ਨਵਤੇਜ਼ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੌੜ ਖਿਲਾਫ ਥਾਣਾ ਕਲਾਨੌਰ ਵਿੱਚ ਪਰਚਾ ਦਰਜ ਕੀਤਾ ਗਿਆ ਹੈ।ਇਸ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਡਾ.ਅਰਪਨਪ੍ਰੀਤ ਸਿੰਘ ਨੋਟੀਫਾਈਡ ਕੀਟਨਾਸ਼ਕ ਇੰਸਪੈਕਟਰ ਕਮ ਖੇਤੀਬਾੜੀ ਵਿਕਾਸ ਅਫਸਰ( ਪੌਦ ਸੁਰੱਖਿਆ),ਡਾ.ਸੋਨਲ ਮਹਾਜਨ ਖੇਤੀਬਾੜੀ ਵਿਕਾਸ ਅਫਸਰ ਸ਼ਾਮਿਲ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਮੁੱਖ ਕੰਮ ਨਵੀਨਤਮ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਵੱਖ ਵੱਖ ਪਸਾਰ ਮਾਧਿਅਮਾਂ ਰਾਹੀ ਕਿਸਾਨਾਂ ਤੱਕ ਪਹੁੰਚਾਉਣ ਤੋਂ ਇਲਾਵਾ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣਾ ਹੈ ਤਾਂ ਜੋ ਫਸਲਾਂ ਦੀ ਕਾਸ਼ਤ ਵਿੱਚ ਖੇਤੀ ਲਾਗਤ ਖਰਚੇ ਘਟਾ ਕੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇ।ਉਨਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਕੀਤੀ ਗਈ ਚੈਕਿੰਗ ਦੌਰਾਨ ਬਲਾਕ ਕਲਾਨੌਰ ਦੇ ਪਿੰਡ ਨੜਾਂਵਾਲੀ ਵਿੱਚ ਸਥਿਤ ਕਾਹਲੋਂ ਖਾਦ ਸਟੋਰ ਦੇ ਕੀਟਨਾਸ਼ਕ ਵਿਕਰੀ ਕੇਂਦਰ-ਕਮ-ਗੁਦਾਮ ਅੰਦਰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅੰਦਰ ਪਾਬੰਦੀਸ਼ੁਦਾ ਕੀਤੀ ਕੀਟਨਾਸ਼ਕ ਦਵਾਈ ਗਲਾਈਫੋਸੇਟ 41% ਐਸ ਐਲ ਬਰਾਂਡ ਰਾਉਂਡਅਪ ਬੈਚ ਨੰਬਰ ਐਸ ਏ ਆਰ ਯੂ ਪੀ-25003,ਬਨਾਉਣ ਦੀ ਮਿਤੀ 4/1/2025,ਮਿਆਦ ਮੁੱਕਣ ਦੀ ਮਿਤੀ 3/1/2027 ਦੀ ਮਾਤਰਾ 30 ਪੀਸ ਪੈਕਿੰਗ ਇਕ ਲਿਟਰ ਬਿਨਾਂ ਕਿਸੇ ਬਿੱਲ ਦੇ ਸਟਾਕ ਪਾਈ ਗਈ।ਉਨਾਂ ਦੱਸਿਆ ਕਿ ਇਹ ਦਵਾਈ ਪੰਜਾਬ ਸਰਕਾਰ ਦੇ ਹੁਕਮ ਨੰਬਰ ਐਸ /ਐਸ਼/16 ਐਗਰੀ (2) 6 20621 ਮਿਤੀ 23/7/2018 ਰਾਹੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਰੱਖਣ,ਨੁਮਾਇਸ਼ ਕਰਨ,ਵੰਡ ਕਰਨ ਅਤੇ ਵੇਚਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ।ਉਨਾਂ ਕਿਹਾ ਕਿ ਪਾਬੰਦੀਸ਼ੁਦਾ ਕੀਟਨਾਸ਼ਕ ਕੰਪਨੀ ਅਤੇ ਵੇੇਚਣ ਵਾਲੇ ਜਿੰਮੇਵਾਰ ਵਿਅਕਤੀਆਂ ਵੱਲੋਂ ਆਪਣੇ ਨਿੱਜੀ ਸਵਾਰਥ ਅਤੇ ਫਾਇਦੇ ਲਈ ਪੰਜਾਬ ਰਾਜ ਦੇ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਵੇਚ ਕੇ ਜਿਥੇ ਉਨਾਂ ਨਾਲ ਠੱਗੀ ਅਤੇ ਧੋਖਾਧੜੀ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਰਾਜ ਦੀ ਜਰਖੇਜ਼ ਭੁਮੀ ਨੂੰ ਬੰਜਰ ਬਨਾਉਣ ਅਤੇ ਵਾਤਾਵਰਣ ,ਹਵਾ ,ਪਾਣੀ ਨੂੰ ਪ੍ਰਦੂਸ਼ਿਤ ਕਰਨ ਅਤੇ ਮਨੁੱਖਤਾ ਦੀ ਹੋਂਦ ਨੂੰ ਖਤਮ ਕਰਨ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।ਇਸ ਲਈ ਮੈਸ਼ਰਜ ਕਾਹਲੋਂ ਖਾਦ ਸਟੋਰ ਅੱਡਾ ਨੜਾਂਵਾਲੀ ਕਲਾਨੌਰ ਦੇ ਜਿੰਮੇਵਾਰ ਵਿਅਕਤੀਆਂ ਨਵਤੇਜ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਮੌੜ ਡਾਕਖਾਨਾ ਭਿਖਾਰੀਵਾਲ ਜ਼ਿਲਾ ਗੁਰਦਾਸਪੁਰ ਅਤੇ ਸੇਲਜ਼ਮੈਨ ਰਣਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੌੜ ਇੰਸੈਕਟੀਸਾਈਡ ਐਕਟ ਦੀ ਧਾਰਾ 17,18,29 ਅਤੇ 33 ਅਤੇ ਕਾਨੂੰਨ ਦੀ ਧਾਰਾ 318 (4) ਅਤੇ 61 (2) ਬੀ ਐਨ ਐਸ ਤਹਿਤ ਥਾਣਾ ਕਲਾਨੌਰ ਵਿੱਚ ਪਰਚਾ ਦਰਜ਼ ਕੀਤਾ ਗਿਆ ਹੈ।ਉਨਾਂ ਕਿਹਾ ਕਿ ਸਬੰਧਤ ਕੀਟਨਾਸ਼ਕ ਵਿਕ੍ਰੇਤਾ ਦਾ ਇੰਸੈਕਟੀਸਾਈਡ ਐਕਟ ਦੀ ਧਾਰਾ 17,18,29,33 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਇੰਸੈਕਟੀਸਾਈਡ ਐਕਟ 1968 ਦੀ ਧਾਰਾ 14 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੀਟਨਾਸ਼ਕ ਵੇਚਣ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਹੈ।ਉਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਖੇਤੀ ਸਮੱਗਰੀ ਵਿਕ੍ਰੇਤਾਵਾਂ ਨਾਲ ਮੀਟਿੰਗਾਂ ਕਰਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਖੇਤੀ ਸਮੱਗਰੀ ਨਾਲ ਸਬੰਧਤ ਜ਼ਰੂਰੀ ਰਿਕਾਰਡ ਮੁਕੰਮਲ ਕਰਕੇ ਰੱਖਿਆ ਜਾਵੇ ਅਤੇ ਕਿਸੇ ਕਿਸਮ ਦੀ ਪਾਬੰਦੀਸ਼ੁਦਾ ਖੇਤੀ ਸਮੱਗਰੀ ਦੀ ਵਿਕਰੀ ਨਾਂ ਕੀਤੀ ਜਾਵੇ।
ਉਨਾਂ ਕਿਹਾ ਕਿ ਸਮੂਹ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਹਰੇਕ ਕਿਸਾਨ ਨੁੰ ਬੀਜ/ਕੀਟਨਾਸ਼ਕ/ਖਾਦ ਦੀ ਵਿਕਰੀ ਕਰਨ ਉਪਰੰਤ ਬਿੱਲ ਦਿੱਤਾ ਜਾਵੇ ਅਤੇ ਜੇਕਰ ਕੋਈ ਖੇਤੀ ਸਮਗੱਰੀ ਵਿਕ੍ਰੇਤਾ ਬਿੱਲ ਦੇਣ ਤੋਂ ਬਗੈਰ ਖੇਤੀ ਸਮੱਗਰੀ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਵਿਚ ਲਾਇਸੰਸ ਮੁਅੱਤਲ/ਰੱਦ ਵੀ ਕੀਤਾ ਜਾ ਸਕਦਾ ।ਉਨਾਂ ਕਿਹਾ ਕਿ ਸਮੁੱਚਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਵਚਣਬੱਧ ਹੈ ਅਤੇ ਭਵਿੱਖ ਵਿੱਚ ਛਾਪੇਮਾਰੀ ਜਾਰੀ ਰਹੇਗੀ ।