ਸੈਲਰ ਵਿੱਚ ਅਨ ਅਧਿਕਾਰਿਤ ਤੌਰ ਤੇ ਲਗਾਈਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਦੇ ਮਾਮਲੇ ਨੇ ਫੜੀ ਤੂਲ
- ਨਿਯਮਾਂ ਨੂੰ ਛਿੱਕੇ ਟੰਗ ਕੇ ਸੈਲਰ ਅੰਦਰ ਕਣਕ ਦੀਆਂ ਹਜ਼ਾਰਾਂ ਬੋਰੀਆਂ ਦਾ ਜਖੀਰਾ ਕੀਤਾ ਜਮਾ
- ਮਾਰਕੀਟ ਕਮੇਟੀ ਦੇ ਅਧਿਕਾਰੀ ਪਾਉਣਾ ਚਾਹੁੰਦੇ ਹਨ ਮਾਮਲੇ ਨੂੰ ਠੰਡੇ ਬਸਤੇ ਵਿੱਚ
ਦੀਪਕ ਜੈਨ
ਜਗਰਾਉਂ 1 ਮਈ 2025 -: ਜਗਰਾਉਂ ਦੇ ਲਾਗਲੇ ਪਿੰਡ ਰਸੂਲਪੁਰ ਵਿਖੇ ਐਸ ਬੀ ਰਾਈਸ ਮਿਲ ਵਿੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ 7000 ਦੇ ਕਰੀਬ ਕਣਕ ਦੀਆਂ ਬੋਰੀਆਂ ਦਾ ਵੱਡਾ ਜਖੀਰਾ ਰੱਖ ਕਿ ਜਮਾਂ ਖੋਰੀ ਕੀਤੇ ਜਾਣ ਦਾ ਮਾਮਲਾ ਜਦੋਂ ਮੀਡੀਆ ਦੇ ਸਾਹਮਣੇ ਆਇਆ ਤਾਂ ਸੈਲਰ ਮਾਲਕਾਂ ਦੇ ਨਾਲ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ਾਂ ਕਰਦੇ ਰਹੇ ਪਰ ਜਦੋਂ ਮੀਡੀਆ ਵੱਲੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉੱਚ ਅਧਿਕਾਰੀਆਂ ਵੱਲੋਂ ਸੈਲਰ ਵਿਖੇ ਇੱਕ ਜਾਂਚ ਟੀਮ ਭੇਜ ਕੇ ਮਾਮਲੇ ਦੀ ਪੜਤਾਲ ਕਰਵਾਈ ਗਈ। ਜਿਸ ਟੀਮ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਿਲ ਸੀ। ਇਸ ਟੀਮ ਨੇ ਸ਼ੈਲਰ ਵਿੱਚ ਜਾ ਕੇ ਜਾਂਚ ਦੇ ਨਾਲ ਨਾਲ ਵੀਡੀਓਗ੍ਰਾਫੀ ਵੀ ਕੀਤੀ। ਜਾਂਚ ਕਰਨ ਗਈ ਟੀਮ ਜਦੋਂ ਵਾਪਸ ਮਾਰਕੀਟ ਕਮੇਟੀ ਪੁੱਜੀ ਤਾਂ ਮਾਰਕੀਟ ਕਮੇਟੀ ਦੇ ਇੱਕ ਉੱਚ ਅਧਿਕਾਰੀ ਅਤੇ ਜਗਰਾਉਂ ਆੜਤੀਆ ਐਸੋਸੀਏਸ਼ਨ ਦੇ ਇੱਕ ਆਗੂ ਵੱਲੋਂ ਉਸ ਟੀਮ ਨੂੰ ਘੂਰੀ ਵੱਟਦੇ ਹੋਏ ਕਿਹਾ ਗਿਆ ਕਿ ਤੁਹਾਨੂੰ ਜਾਂਚ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਮਜਬੂਰਨ ਜਾਂਚ ਕਰਨ ਗਈ ਟੀਮ ਨੂੰ ਚੁੱਪ ਹੋਣਾ ਪਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਅਧਿਕਾਰੀ, ਆੜਤੀਆ ਐਸੋਸੀਏਸ਼ਨ ਦੇ ਆਗੂ ਅਤੇ ਸ਼ੈਲਰ ਰਾਈਸ ਮਿਲ ਦੇ ਆਗੂ ਮਾਮਲੇ ਨੂੰ ਦਬਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ।
ਜਦੋਂ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਸੈਕਟਰੀ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਪਹਿਲਾਂ ਉਹਨਾਂ ਨੇ ਮਾਮਲੇ ਬਾਰੇ ਜਾਣਕਾਰੀ ਨਾ ਹੋਣ ਬਾਰੇ ਕਿਹਾ। ਬਾਅਦ ਵਿੱਚ ਸੈਕਟਰੀ ਜਸਪਾਲ ਸਿੰਘ ਨੇ ਦੁਬਾਰਾ ਫੋਨ ਕਰਕੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਐਸ ਬੀ ਸੈਲਰ ਨੂੰ ਨੋਟਿਸ ਭੇਜਿਆ ਗਿਆ ਸੀ ਪਰ ਉਹ ਭੇਜੇ ਹੋਏ ਨੋਟਿਸ ਤਾਂ ਉਹਨ੍ਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਹੁਣ ਇਸ ਦੇ ਸੰਬੰਧ ਵਿੱਚ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਜੇਕਰ ਯੋਗ ਹੈ ਕਿ ਕੁਝ ਮਿੰਟਾਂ ਪਹਿਲਾਂ ਇਸ ਮਾਮਲੇ ਦੀ ਸੈਕਟਰੀ ਸਾਹਿਬ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਕੁਝ ਹੀ ਮਿੰਟਾਂ ਵਿੱਚ ਸਾਰੀ ਜਾਣਕਾਰੀ ਕਿੱਥੋਂ ਅਤੇ ਕਿਵੇਂ ਪ੍ਰਾਪਤ ਹੋ ਗਈ ਇਸ ਬਾਰੇ ਤਾਂ ਸੈਕਟਰੀ ਸਾਹਿਬ ਵੀ ਦੱਸ ਸਕਦੇ ਹਨ।
ਕੀ ਕਿਹਾ ਏਐਫਐਸਓ ਚਰਨਜੀਤ ਸਿੰਘ ਨੇ:-ਇਸ ਸਬੰਦ ਵਿੱਚ ਏ ਐਫਐਸਓ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਉਹਨਾਂ ਵੱਲੋਂ ਰਿਪੋਰਟ ਬਣਾ ਕੇ ਡਿਸਟਰਿਕਟ ਮੰਡੀ ਅਫਸਰ ਨੂੰ ਭੇਜ ਦਿੱਤੀ ਗਈ ਹੈ।
ਇਸ ਸੰਬੰਧ ਵਿੱਚ ਡਿਸਟਰਿਕਟ ਮੰਡੀ ਅਫਸਰ ਰਮਨਪ੍ਰੀਤ ਸਿੰਘ ਤੋਂ ਜਾਣਕਾਰੀ ਲੈਣ ਲਈ ਬਾਰ-ਬਾਰ ਫੋਨ ਕੀਤੇ ਗਏ ਤਾਂ ਉਹਨਾਂ ਨੇ ਫੋਨ ਚੁੱਕਣਾ ਮੁਨਾਸਬ ਹੀ ਨਹੀਂ ਸਮਝਿਆ।
ਇਹ ਸਾਰੇ ਮਾਮਲੇ ਦੇ ਸੰਬੰਧ ਵਿੱਚ ਡੀਐਫਐਸਸੀ ਸਰਤਾਜ ਸਿੰਘ ਨੇ ਜਾਂਚ ਦੇ ਲਈ ਪਨ ਗਰੇਨ ਦੇ ਅਧਿਕਾਰੀਆਂ ਨੂੰ ਉਕਤ ਸੈਲਰ ਵਿੱਚ ਭੇਜਿਆ ਜਿੱਥੇ ਅਧਿਕਾਰੀਆਂ ਵੱਲੋਂ 5500 ਦੇ ਕਰੀਬ ਕਣਕ ਦੀਆਂ ਬੋਰੀਆਂ ਡੰਪ ਕੀਤੀਆਂ ਪਾਈਆਂ ਗਈਆਂ। ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਧਾਂਧਲੀ ਦੀ ਰਿਪੋਰਟ ਬਣਾਉਣ ਬਾਰੇ ਮੰਡੀ ਬੋਰਡ ਨੂੰ ਹੀ ਲਿਖ ਦਿੱਤਾ ਗਿਆ। ਕੀ ਮੰਡੀ ਬੋਰਡ ਦੇ ਅਧਿਕਾਰੀ ਆਪਣੇ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਕਰਨਗੇ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਕੀ ਭਗਵੰਤ ਮਾਨ ਸਰਕਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਨਾਲ ਇੱਕ ਯੁੱਧ ਕਰਪਸ਼ਨ ਵਿਰੁੱਧ ਵੀ ਚਲਾਉਣਾ ਪਵੇਗਾ।
ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਸੈਲਰ ਮਾਲਕ ਆਪਣੇ ਸ਼ੈਲਰ ਅੰਦਰ ਕਣਕ ਦੀਆਂ ਬੋਰੀਆਂ ਸਟਾਕ ਨਹੀਂ ਕਰਵਾ ਸਕਦਾ ਅਤੇ ਜੇਕਰ ਕਣਕ ਦੀ ਜਮਾ ਖੋਰੀ ਕਰਦਾ ਹੈ ਤਾਂ ਉਸ ਦਾ ਸੈਲਰ ਦਾ ਲਾਇਸੰਸ ਤੱਕ ਰੱਦ ਹੋ ਸਕਦਾ ਹੈ। ਇਹ ਮਾਮਲਾ ਸਿੱਧੇ ਤੌਰ ਤੇ ਕਣਕ ਦੀ ਕਾਲਾ ਬਜ਼ਾਰੀ ਕਰਕੇ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੀ ਮਰਜ਼ੀ ਨਾਲ ਕਣਕ ਦੇ ਰੇਟ ਵਧਾ ਕੇ ਮੁਨਾਫਾ ਖੋਰੀ ਕਰਨਾ ਚਾਹੁੰਦੇ ਹਨ।