ਐੱਸ.ਡੀ.ਐੱਮ. ਦੀਨਾਨਗਰ ਨੇ ਮੀਟਿੰਗ ਕਰਕੇ ਪਿੰਡ ਵਾਸੀਆਂ ਦਾ ਨਸ਼ਾ ਮੁਕਤੀ ਮੁਹਿੰਮ ਵਿੱਚ ਸਾਥ ਮੰਗਿਆ
ਰੋਹਿਤ ਗੁਪਤਾ
ਦੀਨਾਨਗਰ, 1 ਮਈ 2025 - ਜਸਪਿੰਦਰ ਸਿੰਘ, ਆਈ.ਏ.ਐੱਸ. ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਲੋਂ ਸਬ ਡਵੀਜਨ ਦੀਨਾਨਗਰ ਦੇ ਨਸ਼ਾ ਹਾਟ ਸਪਾਟ ਪਿੰਡ ਅਵਾਖਾ ਵਿਚ ਐਂਟੀ ਡਰੱਗ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਲੋਂ ਸਮੂਹ ਐਂਟੀ ਡਰੱਗ ਵਿਜੀਲੈਸ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਦੇ ਧਿਆਨ ਵਿਚ ਪਿੰਡ ਵਿਚ ਕੋਈ ਨਸ਼ਾ ਤਸਕਰੀ ਕਰਦਾ ਜਾਂ ਨਸ਼ੇ ਨੂੰ ਵਧਾਵਾ ਦੇਣ ਵਾਲੀਆਂ ਗਤੀਵਿਧੀਆਂ ਕਰਦਾ ਨਜਰ ਆਉਂਦਾ ਹੈ ਤਾਂ ਉਸ ਬਾਰੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀਨਾਨਗਰ ਨੂੰ ਹਦਾਇਤ ਕੀਤੀ ਗਈ ਕਿ ਪਿੰਡ ਅਵਾਖਾ ਵਿਖੇ ਖੇਡ ਮੈਦਾਨ ਬਣਾਇਆ ਜਾਵੇ, ਤਾਂ ਜੋ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਐੱਸ.ਡੀ.ਐੱਮ. ਜਸਪਿੰਦਰ ਸਿੰਘ ਨੇ ਪਿੰਡ ਦੇ ਮੋਹਤਬਰਾਂ ਅਤੇ ਹੋਰ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਆਪਣਾ ਸਾਥ ਦੇ ਕੇ ਆਪਣੇ ਪਿੰਡ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਯੋਗਦਾਨ ਪਾਉਣ।