ਪੰਜਾਬ ਦੇ ਵਿੱਤ ਮੰਤਰੀ ਨੇ ਪੀ.ਏ.ਯੂ. ਵਿਚ ਨਵੀਆਂ ਖੇਤੀ ਤਕਨੀਕਾਂ ਦਾ ਉਦਘਾਟਨ ਕੀਤਾ
ਬਦਲਦੀਆਂ ਖੇਤੀ ਅਤੇ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਪੀ.ਏ.ਯੂ. ਅਗਾਂਹਵਧੂ ਭੂਮਿਕਾ ਨਿਭਾਵੇਗਾ: ਸ. ਹਰਪਾਲ ਸਿੰਘ ਚੀਮਾ
ਲੁਧਿਆਣਾ 28 ਅਪ੍ਰੈਲ
ਪੀ.ਏ.ਯੂ. ਦੇ ਵਿਸ਼ੇਸ਼ ਦੌਰੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਕਈ ਨਵੇਂ ਖੇਤੀ ਪ੍ਰੋਗਰਾਮਾਂ ਅਤੇ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ। ਉਹਨਾਂ ਨੇ ਵਢਾਈ ਉਪਰੰਤ ਤਕਨੀਕਾਂ, ਮੁੱਲਵਾਧਾ, ਉਤਪਾਦ ਨਿਰਮਾਣ ਅਤੇ ਨਵੀਆਂ ਵਿਗਿਆਨਕ ਵਿਧੀਆਂ ਵਾਲੀਆਂ ਲੈਬਾਰਟਰੀਆਂ ਦਾ ਜਾਇਜਾ ਲਿਆ ਅਤੇ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਹੋਸਟਲ, ਜਿੰਮਨੇਜ਼ੀਅਮ ਅਤੇ ਖੇਡਾਂ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਵਿੱਤ ਮੰਤਰੀ ਨੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਉਦਘਾਟਨ ਕੀਤਾ ਜਿਸ ਵਿਚ ਪਿੰਡਾਂ ਵਿਚ ਸਥਾਨਕ ਪੱਧਰ ਦੇ ਵਢਾਈ ਉਪਰੰਤ ਫਸਲਾਂ ਤੋਂ ਉਤਪਾਦ ਨਿਰਮਾਣ ਦਾ ਕਾਰਜ ਨੇਪਰੇ ਚੜਦਾ ਹੈ। ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ 46 ਲੱਖ ਰੁਪਏ ਦੀ ਕੀਮਤ ਨਾਲ ਸਥਾਪਿਤ ਕੀਤਾ ਜਾਣ ਵਾਲਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਕਈ ਮਸ਼ੀਨਾਂ ਦਾ ਸਮੂਹ ਹੈ ਜਿਸ ਵਿਚ ਦਾਲਾਂ ਸਾਫ ਕਰਨ ਅਤੇ ਦਰਜਾਬੰਦੀ ਵਾਲੀ ਮਸ਼ੀਨ, ਆਟਾ ਪਿਸਾਈ ਚੱਕੀ, ਛੋਟੀ ਚੌਲ ਕੱਢਣ ਵਾਲੀ ਮਸ਼ੀਨ, ਹਾਈਡ੍ਰੋਲਿਕ ਤੇਲ ਕੋਹਲੂ, ਅਨਾਜ ਸਟੋਰ ਕਰਨ ਵਾਲਾ ਸਾਇਲੋ, ਆਟੋਮੈਟਿਕ ਪੈਕੇਜਿੰਗ ਮਸ਼ੀਨ, ਹਵਾ ਕੱਢਣ ਵਾਲੀ ਪੈਕੇਜਿੰਗ ਮਸ਼ੀਨ, ਨਾਈਟ੍ਰੋਜਨ ਫਲੱਸ਼ ਪੈਕੇਜਿੰਗ ਮਸ਼ੀਨ ਸ਼ਾਮਿਲ ਹਨ। ਉਹਨਾਂ ਨੇ ਗੁੜ ਬਨਾਉਣ ਦੇ ਵਿਗਿਆਨਕ ਪਲਾਂਟ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਸ. ਚੀਮਾ ਨੇ ਜਿਣਸਾਂ ਤੋਂ ਉਤਪਾਦ ਬਨਾਉਣ ਲਈ ਮਾਹਿਰਾਂ ਵੱਲੋਂ ਕੀਤੀ ਜਾਂਦੀ ਖੋਜ ਦੀ ਜਾਣਕਾਰੀ ਹਾਸਲ ਕੀਤੀ। ਉਪਰੰਤ ਵਿੱਤ ਮੰਤਰੀ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਪੌਦਿਆਂ ਲਈ ਐਕਲੀਮਟਾਈਜ਼ੇਸ਼ਨ ਵਿਧੀ ਦੇ ਯੂਨਿਟ ਦੀ ਸਥਾਪਨਾ ਦਾ ਨੀਂਹ ਪੱਥਰ ਰੱਖਿਆ। ਜ਼ਿਕਰਯੋਗ ਹੈ ਕਿ ਇਸ ਤਕਨੀਕ ਰਾਹੀਂ ਪੌਦਿਆਂ ਨੂੰ ਟਿਸ਼ੂ ਕਲਚਰ ਅਤੇ ਹੋਰ ਵਿਧੀਆਂ ਰਾਹੀਂ ਨਿਰੋਗੀ ਰੂਪ ਵਿਚ ਪੈਦਾ ਕਰਕੇ ਕਿਸਾਨੀ ਸਮਾਜ ਦੀ ਭਲਾਈ ਕੀਤੀ ਜਾਂਦੀ ਹੈ। ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸਮੇਤ ਸਮੁੱਚੇ ਉਚ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।
ਸ. ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਨੇ ਹਰੀ ਕ੍ਰਾਂਤੀ ਨੂੰ ਲਿਆ ਕੇ ਦੇਸ਼ ਦੀ ਅਨਾਜ ਦੀ ਥੁੜ ਪੂਰਨ ਲਈ ਇਤਿਹਾਸਕ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਵਿਚ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰ ਕੇ ਮੁਨਾਫੇਯੋਗ ਕਿੱਤਾ ਬਨਾਉਣ ਦੀ ਚੁਣੌਤੀ ਸਭ ਦੇ ਸਾਹਮਣੇ ਹੈ। ਉਹਨਾਂ ਆਸ ਪ੍ਰਗਟਾਈ ਕਿ ਪੀ.ਏ.ਯੂ. ਇਸ ਦਿਸ਼ਾ ਵਿਚ ਵੀ ਮਸ਼ਾਲ ਧਾਰਕ ਦੀ ਭੂਮਿਕਾ ਨਿਭਾਏਗੀ। ਸ. ਚੀਮਾ ਨੇ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ, ਹੋਸਟਲ ਨੰ. 15, ਜਿੰਮਨੇਜ਼ੀਅਮ, ਸਵੀਮਿੰਗ ਪੂਲ, ਸ਼ੂਟਿੰਗ ਰੇਂਜ ਅਤੇ ਖੇਡ ਮੈਦਾਨਾਂ ਦਾ ਦੌਰਾ ਕਰਦਿਆਂ ਪੀ.ਏ.ਯੂ. ਵੱਲੋਂ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਰੀਰਕ ਵਿਕਾਸ ਲਈ ਪਾਏ ਜਾਂਦੇ ਭਰਪੂਰ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਹਰ ਸੰਭਵ ਤਰੀਕੇ ਨਾਲ ਪੀ.ਏ.ਯੂ. ਦੀ ਸਹਾਇਤਾ ਲਈ ਵਚਨਬੱਧ ਹੈ।