← ਪਿਛੇ ਪਰਤੋ
ਪੰਜਾਬੀ ਯੂਨੀਵਰਸਿਟੀ ਵਿਖੇ 15ਵਾਂ ਸ਼ਹੀਦ ਸਰਦਾਰ ਨਾਨਕ ਸਿੰਘ ਯਾਦਗਾਰੀ ਭਾਸ਼ਣ ਕਰਵਾਇਆ ਪਟਿਆਲਾ, 26 ਮਾਰਚ ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ '15ਵਾਂ ਸ਼ਹੀਦ ਸਰਦਾਰ ਨਾਨਕ ਸਿੰਘ ਯਾਦਗਾਰੀ ਭਾਸ਼ਣ' ਕਰਵਾਇਆ ਗਿਆ। 'ਆਧੁਨਿਕ ਭਾਰਤ ਵਿੱਚ ਇਤਿਹਾਸ ਵਿਸ਼ੇ ਦਾ ਵਿਕਾਸ' ਵਿਸ਼ੇ ਉੱਤੇ ਇਹ ਭਾਸ਼ਣ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦਿੱਲੀ ਤੋਂ ਪੁੱਜੇ ਪ੍ਰੋ. ਐੱਸ. ਬੀ. ਉਪਾਧਿਆਏ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਤਿਹਾਸ ਵਿਸ਼ੇ ਦੇ ਆਧੁਨਿਕ ਸਰੂਪ ਨੂੰ ਅਖ਼ਤਿਆਰ ਕਰਨ ਅਤੇ ਇਸ ਰਾਹ ਵਿੱਚ ਆਏ ਵੱਖ-ਵੱਖ ਪੜਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਹਮੇਸ਼ਾ ਪ੍ਰਮਾਣਿਤ ਸਰੋਤਾਂ ਉੱਤੇ ਅਧਾਰਿਤ ਅਤੇ ਰਾਜਨੀਤੀਕ ਦ੍ਰਿਸ਼ਟੀਕੋਣਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸੰਸਾਰ ਭਰ ਵਿੱਚ ਵੱਖ-ਵੱਖ ਸਮਿਆਂ ਵਿੱਚ ਇਤਿਹਾਸ ਨੂੰ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਪੱਖਪਾਤੀ ਰਵੱਈਏ ਨਾਲ਼ ਆਪਣੇ ਹੱਕ ਵਿੱਚ ਲਿਖਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਅੱਜ ਦੇ ਸਮੇਂ ਵਿੱਚ ਇਤਿਹਾਸ ਲੇਖਣੀ ਦੇ ਰਾਹ ਵਿੱਚ ਬਹੁਤ ਸਾਰੀਆਂ ਔਕੜਾਂ ਅਤੇ ਪੱਖਪਾਤ ਹਨ ਜੋ ਦੂਰ ਹੋਣੇ ਜ਼ਰੂਰੀ ਹਨ। ਉਨ੍ਹਾਂ ਇਤਿਹਾਸਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਿੱਜੀ ਅਤੇ ਸੌੜੇ ਹਿਤਾਂ ਤੋਂ ਉੱਪਰ ਉੱਠ ਕੇ ਸਹੀ ਤਰੀਕੇ ਨਾਲ਼ ਇਤਿਹਾਸ ਲਿਖਣ। ਡੀਨ ਸੋਸ਼ਲ ਸਾਇੰਸਜ਼ ਪ੍ਰੋ. ਡੀ. ਪੀ. ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਅਕਾਦਮਿਕ ਖੇਤਰ ਵਿੱਚ ਇਤਿਹਾਸ ਵਿਸ਼ੇ ਨਾਲ਼ ਜੁੜੇ ਲੋਕਾਂ ਨੂੰ ਈਮਾਨਦਾਰੀ ਨਾਲ਼ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੱਥਾਂ ਨੂੰ ਆਪੋ ਆਪਣੇ ਹਿਸਾਬ ਨਾਲ਼ ਵਿਆਖਿਆ ਕਰ ਕੇ ਇਤਿਹਾਸ ਸਿਰਜਣ ਦਾ ਰੁਝਾਨ ਗ਼ਲਤ ਹੈ। ਚੇਅਰ ਮੁਖੀ ਡਾ. ਸੰਦੀਪ ਕੌਰ ਵੱਲੋਂ ਇਸ ਮੌਕੇ ਬੋਲਦਿਆਂ ਸ਼ਹੀਦ ਸਰਦਾਰ ਨਾਨਕ ਸਿੰਘ ਦੀ ਜ਼ਿੰਦਗੀ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ ਅਤੇ ਪੰਜਾਬੀ ਯੂਨੀਵਰਸਿਟੀ ਦੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਿਆ। ਅੰਤ ਵਿੱਚ ਵਿੱਚ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਤੋਂ ਪ੍ਰੋਫ਼ੈਸਰ ਡਾ. ਦਲਜੀਤ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਡਾ. ਪ੍ਰਨੀਤ ਕੌਰ ਵੱਲੋਂ ਕੀਤਾ ਗਿਆ।
Total Responses : 0