ਅਜਿਹੀਆਂ ਫਿਲਮਾਂ, ਜੋ ਫਿਰਕਾਪ੍ਰਸਤੀ ਫੈਲਾਉਂਦੀਆਂ ਹਨ ਜਾਂ ਕਿਸੇ ਧਰਮ ਦਾ ਨਿਰਾਦਰ ਕਰਦੀਆਂ ਹਨ, ਉਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ : ਅਕਾਲੀ ਦਲ ਵਾਰਿਸ ਪੰਜਾਬ ਦੇ
- ਕੰਗਣਾਂ ਰਣੌਤ ਦੀ ਫਿਲਮ ਐਮਰਜੈਂਸੀ ਲੱਗੇ ਪੂਰਨ ਤੌਰ ਰੋਕ : ਬਾਪੂ ਤਰਸੇਮ ਸਿੰਘ
ਅੰਮ੍ਰਿਤਸਰ 17 ਜਨਵਰੀ 2025 - ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਤੇ ਪਾਰਟੀ ਪ੍ਰਧਾਨ, ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ, ਬਾਪੂ ਤਰਸੇਮ ਸਿੰਘ ਜੀ ਨੇ ਪਾਰਟੀ ਐਲਾਨ ਕਰਨ ਤੋਂ ਬਾਅਦ ਪਾਰਟੀ ਹੈੱਡਕੁਆਰਟਰ ਜੱਲੂਪੁਰ ਖੈੜੇ ਤੋਂ ਭਾਈ ਪ੍ਰਗਟ ਸਿੰਘ ਦੁਆਰਾ ਆਪਣਾਂ ਪਹਿਲਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਸਿੱਧਾਂਤ ਅਤੇ ਇਤਿਹਾਸ ਸਾਡੇ ਲਈ ਪਵਿੱਤਰ ਹਨ।
ਭਾਰਤੀ ਫਿਲਮ ਜਗਤ ਦੀ ਅਭਿਨੇਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਤੋਂ ਐਮ ਪੀ ਕੰਗਣਾ ਰਣੌਤ ਦੀ ਫਿਲਮ ਜੋ ਅੱਜ ਰਿਲੀਜ਼ ਕੀਤੀ ਗਈ ਹੈ ਜਿਸਦੀ ਪ੍ਰੋਡਿਊਸਰ ਡਾਇਰੈਕਟਰ ਵੀ ਉਹ ਆਪ ਖ਼ੁਦ ਹੈ ਵਿੱਚ ਸਿੱਖ ਵਿਰੋਧੀ ਸੰਦਰਭਾਂ ਦੀ ਜਾਣਕਾਰੀ ਮਿਲੀ ਹੈ, ਜਿਸ ਦੀ ਅਸੀਂ ਸਖ਼ਤ ਨਿੰਦਿਆਂ ਕਰਦੇ ਹਾਂ। ਪਹਿਲਾਂ ਵੀ ਇਸ ਮਸਲੇ 'ਤੇ ਧਿਆਨ ਦਿਵਾਇਆ ਗਿਆ ਸੀ, ਪਰ ਅਫ਼ਸੋਸ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਇਸਨੂੰ ਅਣਗੋਲਿਆਂ ਕੀਤਾ। ਇਹ ਕਾਰਵਾਈ ਨਾਂ ਸਿਰਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜਕ ਸਹਿਜਤਾ ਤੇ ਪੰਜਾਬ ਦੀ ਏਕਤਾ ਨੂੰ ਵੀ ਖ਼ਤਰੇ ਵਿੱਚ ਪਾਉਂਦੀ ਹੈ। ਇਸਦੇ ਨਾਲ ਹੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਪੱਸ਼ਟ ਯਤਨ ਹਨ। ਸਿੱਖ ਧਰਮ ਦੇ ਇਤਿਹਾਸ ਅਤੇ ਸਿੱਧਾਂਤਾਂ ਦੇ ਖ਼ਿਲਾਫ਼ ਫਿਲਮ ਵਿੱਚ ਇਕ ਜਿੰਮੇਵਾਰ ਹਸਤੀ ਵੱਲੋਂ ਇਸ ਤਰਾਂ ਦਰਸਾਉਣ ਨੂੰ ਅਣਦੇਖਿਆ ਨਹੀਂ ਕੀਤੀ ਜਾ ਸਕਦਾ।
ਕੰਗਣਾਂ ਰਣੌਤ ਦੀ ਇਸ ਫਿਲਮ ਵਿੱਚ ਸਿੱਖਾਂ ਨੂੰ ਇੱਕ ਫਿਰਕਾਪ੍ਰਸਤੀ ਜਾਂ ਉੱਤਪੀੜਕ ਧਰਮ ਦੇ ਤੌਰ 'ਤੇ ਦਰਸਾਇਆ ਗਿਆ ਹੈ, ਜੋ ਇਤਿਹਾਸਕ ਤੱਥਾਂ ਦੇ ਖ਼ਿਲਾਫ਼ ਹੈ। ਸਿੱਖ ਧਰਮ ਹਮੇਸ਼ਾ ਮਨੁੱਖਤਾ, ਨਿਆਂ ਅਤੇ ਭਾਈਚਾਰੇ ਦਾ ਪੱਖਪਾਤੀ ਰਿਹਾ ਹੈ। ਇਥੇ ਹੀ ਬੱਸ ਨਹੀਂ ਸਿੱਖ ਪੰਥ ਦੀਆਂ ਮਹਾਨ ਹਸਤੀਆਂ ਦੇ ਜੀਵਨ ਨੂੰ ਤੌਹੀਨਜਨਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਬਿਲਕੁਲ ਵਿਪਰੀਤ ਜਾਣਕਾਰੀ ਪੇਸ਼ ਕੀਤੀ ਗਈ ਹੈ ਜੋ ਕਿ ਸਿੱਖ ਇਤਿਹਾਸ ਦਾ ਨਿਰਾਦਰ ਹੈ। ਸਿੱਖ ਧਰਮ ਨੇ ਸਦੀਆਂ ਤੋਂ ਸਮਾਜਿਕ ਸਾਂਝ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕੀਤੀ ਹੈ। ਫਿਲਮ ਵਿੱਚ ਦਿੱਤੇ ਗਏ ਸੰਦਰਭ ਫਿਰਕਾਪ੍ਰਸਤੀ ਨੂੰ ਉਕਸਾਉਣ ਵਾਲੇ ਹਨ ਅਤੇ ਇਹ ਸਿੱਖੀ ਦੇ ਮੁੱਢਲੀ ਮੂਲ ਭਾਵਨਾ ਦੇ ਹੀ ਵਿਰੁੱਧ ਹਨ। ਅਸੀਂ ਫਿਲਮ ਦੇ ਨਿਰਮਾਤਾਵਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਇਹ ਤੱਥ ਫਿਲਮ ਤੋਂ ਹਟਾਏ ਨਹੀਂ ਜਾਂਦੇ, ਤਾਂ ਸਿੱਖ ਸੰਗਤਾਂ ਇਸਦਾ ਕਾਨੂੰਨੀ ਤੌਰ 'ਤੇ ਵੀ ਪੂਰਾ ਜਵਾਬ ਦੇਣਗੀਆਂ।
ਅਸੀਂ ਸਾਰੇ ਸਿੱਖ ਪੰਥ, ਧਰਮ ਪ੍ਰੇਮੀਆਂ ਅਤੇ ਪੰਜਾਬ ਹਿਤੈਸ਼ੀਆਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਫਿਲਮਾਂ, ਜੋ ਫਿਰਕਾਪ੍ਰਸਤੀ ਫੈਲਾਉਂਦੀਆਂ ਹਨ ਜਾਂ ਕਿਸੇ ਧਰਮ ਦਾ ਨਿਰਾਦਰ ਕਰਦੀਆਂ ਹਨ, ਉਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਹ ਸਿਰਫ ਸਿੱਖ ਧਰਮ ਦੀ ਸੁਰੱਖਿਆ ਦਾ ਮਸਲਾ ਨਹੀਂ, ਸਗੋਂ ਸਾਡੇ ਪੰਜਾਬ ਦੀ ਮਾਣ, ਸਾਂਝ ਅਤੇ ਸੱਭਿਆਚਾਰ ਦੀ ਰੱਖਿਆ ਦਾ ਵੀ ਪ੍ਰਸ਼ਨ ਹੈ।
Click to Follow Babushahi Facebook page →