ਚੋਰਾਂ ਨੇ ਕਰੀਬ 30 ਫੁੱਟ ਉੱਚੇ ਪੁਲ ਤੋਂ ਥੱਲੇ ਮਾਰੀ ਛਾਲ, ਇੱਕ ਚੋਰ ਜਖ਼ਮੀ, ਪੁਲਿਸ ਨੇ ਕੀਤੇ ਕਾਬੂ
ਰਵਿੰਦਰ ਢਿੱਲੋਂ
ਖੰਨਾ, 1 ਜੂਨ 2023 - ਖੰਨਾ ਨਵਾਂਸ਼ਹਿਰ ਮਾਰਗ ਉਪਰ ਪੁਲਸ ਦੀ ਗੱਡੀ ਚੋਂ ਛਾਲ ਮਾਰ ਕੇ ਭੱਜੇ ਤਿੰਨ ਚੋਰਾਂ ਨੇ ਕਰੀਬ 30 ਫੁੱਟ ਉੱਚੇ ਪੁਲ ਤੋਂ ਥੱਲੇ ਛਾਲ ਮਾਰੀ। ਜਿਸ ਨਾਲ ਇੱਕ ਚੋਰ ਜਖ਼ਮੀ ਵੀ ਹੋ ਗਿਆ। ਪੁਲਸ ਨੇ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਅਤੇ ਸੀਆਈਏ ਸਟਾਫ ਲੈ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਖੰਨਾ ਦੇ ਸਮਰਾਲਾ ਰੋਡ ਪੁਲ ਥੱਲੇ ਸਬਜ਼ੀ ਮੰਡੀ ਲੱਗੀ ਹੋਈ ਸੀ ਅਤੇ ਲੋਕਾਂ ਦੀ ਭੀੜ ਸੀ। ਇਸੇ ਦੌਰਾਨ ਸ਼ਾਮ ਵੇਲੇ ਪੁਲ ਦੇ ਉਪਰੋਂ ਦੋ ਵਿਅਕਤੀਆਂ ਨੇ ਥੱਲੇ ਛਾਲ ਮਾਰੀ ਤਾਂ ਉਥੇ ਮੌਜੂਦ ਲੋਕ ਦੇਖ ਕੇ ਹੈਰਾਨ ਰਹਿ ਗਏ। ਇੰਨੇ ਚ ਹੀ ਇਹ ਵਿਅਕਤੀ ਆਲੇ ਦੁਆਲੇ ਨੂੰ ਭੱਜ ਨਿਕਲੇ। ਇਹਨਾਂ ਦਾ ਇੱਕ ਸਾਥੀ ਪੁਲ ਦੇ ਉਪਰ ਭੱਜ ਗਿਆ। ਥੋੜ੍ਹੀ ਦੇਰ ਬਾਅਦ ਹੀ ਜਦੋਂ ਪੁਲਸ ਦੀਆਂ ਗੱਡੀਆਂ ਨੇ ਘੇਰਾ ਪਾਇਆ ਅਤੇ ਪੁਲਸ ਵੀ ਪਿੱਛੇ ਭੱਜੀ ਤਾਂ ਲੋਕਾਂ ਦੇ ਸਮਝ ਚ ਗੱਲ ਆਈ ਕਿ ਇਹ ਕੋਈ ਅਪਰਾਧੀ ਹਨ, ਜੋ ਪੁਲਸ ਦੇ ਹਿਰਾਸਤ ਚੋਂ ਭੱਜ ਨਿਕਲੇ।
ਪੁਲਸ ਨੇ ਆਲੇ ਦੁਆਲੇ ਇਹਨਾਂ ਦਾ ਪਿੱਛਾ ਕਰਕੇ ਬੜੀ ਮੁਸ਼ਕਲ ਨਾਲ ਤਿੰਨਾਂ ਨੂੰ ਕਾਬੂ ਕੀਤਾ ਅਤੇ ਤੁਰੰਤ ਗੱਡੀ 'ਚ ਬਿਠਾ ਕੇ ਸੀਆਈਏ ਸਟਾਫ ਲੈ ਗਏ। ਇਸ ਦੌਰਾਨ ਇੱਕ ਵਿਅਕਤੀ ਦੇ ਸੱਟ ਵੀ ਲੱਗੀ ਜੋਕਿ ਜਖ਼ਮੀ ਹਾਲਤ 'ਚ ਸੀ। ਇਸ ਬਾਰੇ ਪੁਲਸ ਅਧਿਕਾਰੀ ਕੈਮਰੇ ਸਾਮਣੇ ਨਹੀਂ ਆਏ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਤਾਂ ਸਬਜ਼ੀ ਮੰਡੀ 'ਚ ਬੈਠੇ ਸਨ ਤਾਂ ਇਸੇ ਦੌਰਾਨ ਪੁਲ ਤੋਂ ਫਿਲਮੀ ਸਟਾਇਲ ਚ ਦੋ ਵਿਅਕਤੀਆਂ ਨੇ ਥੱਲੇ ਛਾਲ ਮਾਰੀ ਅਤੇ ਭੱਜ ਗਏ। ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ ਹੈ ਕੀ ਨਹੀਂ।
ਉਥੇ ਹੀ ਦੂਜੇ ਪਾਸੇ ਇਹ ਗੱਲ ਸਾਮਣੇ ਆਈ ਕਿ ਮਲੌਦ ਥਾਣਾ ਅਧੀਨ ਆਉਂਦੀ ਸਿਆੜ ਚੌਂਕੀ ਦੀ ਪੁਲਸ ਨੇ 29 ਮਈ ਨੂੰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸਾਗਰ ਵਾਸੀ ਫਗਵਾੜਾ, ਵਿਜੈ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਰਾਹੁਲ ਵਾਸੀ ਮੁਕੇਰੀਆਂ ਨੂੰ ਕਾਬੂ ਕੀਤਾ ਸੀ। ਇਹ ਤਿੰਨੋਂ ਪੁਲਸ ਰਿਮਾਂਡ ਉਪਰ ਚੱਲ ਰਹੇ ਸੀ। ਜਦੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ ਵੀਰਵਾਰ ਦੀ ਸ਼ਾਮ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ ਲਿਆਂਦਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਖੰਨਾ ਨਵਾਂਸ਼ਹਿਰ ਮਾਰਗ ਦੇ ਸਮਰਾਲਾ ਰੋਡ ਪੁਲ ਉਪਰ ਇਹਨਾਂ ਤਿੰਨਾਂ ਨੇ ਪੁਲਸ ਦੀ ਗੱਡੀ ਚੋਂ ਛਾਲ ਮਾਰ ਦਿੱਤੀ। ਇਹਨਾਂ ਚੋਂ 2 ਜਣੇ ਪੁਲਸ ਉੱਪਰੋਂ ਥੱਲੇ ਛਾਲ ਮਾਰ ਗਏ ਅਤੇ ਇੱਕ ਸੜਕ ਉਪਰ ਭੱਜ ਨਿਕਲਿਆ।