ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਦੋ ਜਾਣੇ ਆਏ ਪੁਲਿਸ ਅੜਿੱਕੇ
ਜੈਤੋ, 29 ਮਈ 2023 (ਮਨਜੀਤ ਸਿੰਘ ਢੱਲਾ)- ਬਠਿੰਡਾ ਰੋਡ ਜੈਤੋ ਵਿਖੇ ਐਂਟੀ ਨਾਰਕੋਟਿਕ ਸੈਲ ਦੀ ਟੀਮ ਵਲੋਂ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ 'ਚੋਂ ਦੋ ਜਾਣਿਆ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੁਲਵੀਰ ਚੰਦ ਸ਼ਰਮਾ ਇੰਚਾਰਜ ਐਂਟੀ ਨਾਰਕੋਟਿਕ ਸੈਲ ਫ਼ਰੀਦਕੋਟ ਕੈਪ ਜੈਤੋ ਦੀ ਟੀਮ ਹੌਲਦਾਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਨਾਕਾਬੰਦੀ ਦੇ ਸਬੰਧ ਵਿਚ ਪੁਲਿਸ ਪਾਰਟੀ ਵਲੋਂ ਪੁਲ ਕੱਸੀ ਗੋਨਿਆਣਾ ਰੋਡ ਬਾਹਰ ਜੈਤੋ 'ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸ਼ਹਿਰ ਜੈਤੋ ਵਾਲੇ ਪਾਸਿਓਂ ਇਕ ਆਲਟੋ ਕਾਰ ਰੰਗ ਸਿਲਵਰ ਤੇਜ਼ ਰਫ਼ਤਾਰ ਨਾਲ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਹੌਲਦਾਰ ਗੁਰਪ੍ਰੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਇਕਦਮ ਹੌਲੀ ਕਰਕੇ ਕੱਸੀ ਦੀ ਪਟੜੀ ਦੇ ਸੱਜੇ ਪਾਸੇ ਨੂੰ ਮੋੜ ਦਿੱਤੀ ਤਾਂ ਕਾਰ ਇਕਦਮ ਬੰਦ ਹੋ ਗਈ ਅਤੇ ਕਾਰ ਚਾਲਕ ਅਤੇ ਕੰਡਕਟਰ ਸੀਟ ਤੇ ਬੈਠਾ ਨੌਜਵਾਨ, ਦੋਨੋਂ ਗੱਡੀ 'ਚੋਂ ਉਤਰ ਕੇ ਮੌਕੇ ਤੇ ਭੱਜਣ ਲੱਗੇ ਤਾਂ ਜਿਨ੍ਹਾਂ ਨੂੰ ਹੌਲਦਾਰ ਗੁਰਪ੍ਰੀਤ ਸਿੰਘ ਵੱਲੋਂ ਦਬੋਚਿਆ ਗਿਆ।