ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਿੱਲੀ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ਤੇ ਤੁਰੰਤ ਕਰੇ ਕਾਰਵਾਈ - ਭੋਮਾ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 17 ਮਈ 202- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਕਾਲੀ ਜਨਰਲ ਸਕੱਤਰ ਤੇ ਬੁਲਾਰੇ ਡਾਕਟਰ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 3 ਮਈ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਥ ਦੀਆਂ ਸੰਪਰਦਾਵਾਂ ਟਕਸਾਲਾਂ ਵਿਦਵਾਨਾਂ ਦੀ ਇੱਕ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਗਈ ਗਈ ਸੀ। ਜਿਸ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਵਿੱਚ ਲਗਾਂ ਮਾਤਰਾਂ ਦੀ ਛੇੜ ਛਾੜ ਕਰਨ ਵਾਲੇ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਅਤੇ ਕਨੇਡਾ ਨਿਵਾਸੀ ਓਕਾਂਰ ਸਿੰਘ ਦਾ ਮਸਲਾ ਵਿਚਾਰਿਆ ਸੀ ਅਤੇ ਦੋਸ਼ੀ ਸਮਝ ਕੇ ਤਨਖ਼ਾਹੀਆ ਘੋਸ਼ਿਤ ਕੀਤਾ ਗਿਆ ਸੀ।
ਇਸੇ ਤਰ੍ਹਾਂ 11 ਮਈ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਮੌਜੂਦਾ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਥਮਿੰਦਰ ਸਿੰਘ ਆਨੰਦ ਵਰਗੀ ਗ਼ਲਤੀ ਜੋ ਸੰਨ 2005 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਵਲੋਂ ਕੀਤੀ ਗਈ ਸੀ ।ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਧਿਆਨ ਵਿੱਚ ਲਿਆਂਦੀ ਗਈ। ਉਨਾਂ ਕਿਹਾ ਕੇ ਉਸ ਵੇਲੇ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਪ੍ਰਧਾਨਗੀ ਵਿੱਚ ਕਮੇਟੀ ਨੇ ਇਕ ਗੈਰ ਸਿੱਖ ਵੇਮਰਾਜ ਭਾਨੂੰ ਮੂਰਤੀ ਨੂੰ 17 ਭਾਸ਼ਾਵਾਂ ਵਿੱਚ ਸ੍ਰੀ ਜਪੁਜੀ ਸਾਹਿਬ ਅਤੇ ਹੋਰ ਗੁਰਬਾਣੀ ਦੀ (ਸਹਿਜ਼ ਰੀਤੀ ਅਤੇ ਉਚਾਰਣ ਰੀਤੀ) ਦੇ ਨਾਮ ਉਪਰ ਛਪਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਤੇ ਵੇਮਰਾਜ ਭਾਨੂੰ ਮੂਰਤੀ ਨੂੰ ਸਿੱਖ ਵਿਦਵਾਨ ਡਾ: ਸਾਹਿਬ ਸਿੰਘ ਖਿਤਾਬ ਦੇ ਕੇ ਨਿਵਾਜ਼ਿਆ ਗਿਆ ਸੀ ।
। ਭਾਨੂੰ ਮੂਰਤੀ ਵਲੋਂ 17 ਭਾਸ਼ਾਵਾਂ ਵਿੱਚ ਕੀਤੀ ਛਪਾਈ ਦੀਆਂ 17 ਹਜ਼ਾਰ ਕਿਤਾਬਾਂ ਛਪਾ ਕੇ ਵੰਡੀਆਂ ਗਈਆਂ ਸੀ ਜਿਸ ਵਿਚ ਵੇਮਰਾਜ ਭਾਨੂੰ ਮੂਰਤੀ ਨੇ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਬਹੁਤ ਜਿਆਦਾ ਛੇੜਛਾੜ ਕੀਤੀ ਸੀ ਕਿਉਂਕਿ ਭਾਨੂੰ ਮੂਰਤੀ ਸਿਰਫ ਅੰਗਰੇਜ਼ੀ ਅਤੇ ਤੇਲਗੂ ਭਾਸ਼ਾ ਹੀ ਜਾਣਦਾ ਸੀ ਉਸਨੂੰ ਗੁਰਮੁੱਖੀ ਬਿਲਕੁੱਲ ਨਹੀ ਆਉਂਦੀ ਸੀ ਜਿਸ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਸ ਵੇਲੇ ਦੇ ਜਥੇਦਾਰ ਨੂੰ ਸੰਸਥਾ 'ਨੌਜਵਾਨ ਸਿੱਖ ਫੁਲਵਾੜੀ' ਵੱਲੋਂ ਕੀਤੀ ਗਈ ਸੀ ਪਰ ਉਸ ਵੇਲੇ ਦੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਦੋਸ਼ੀਆਂ ਉਪਰ ਕੋਈ ਕਾਰਵਾਈ ਨਹੀਂ ਕੀਤੀ।
ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਿੱਚ ਸਿੱਖ ਵਫਦ ਨੇ ਦੁਬਾਰਾ ਉਸ ਮੁੱਦੇ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਹੈ ਜਿਸ ਉਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਡਾ.ਮਨਜੀਤ ਸਿੰਘ ਭੋਮਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸ਼ਿਕਾਇਤ ਉਪਰ ਤੁਰੰਤ ਕਾਰਵਾਈ ਕਰਦਿਆਂ ਸੰਬੰਧਤ ਵਿਅਕਤੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਕਿਸ ਲਾਲਚ ਜਾ ਕਿਸ ਪੰਥ ਵਿਰੋਧੀ ਦੇ ਇਸ਼ਾਰੇ ਉੱਪਰ ਗੁਰਬਾਣੀ ਵਿਚ ਛੇੜਛਾੜ ਕਰਨ ਅਤੇ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਦੋਸ਼ੀ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ । ਜਿਸ ਨਾਲ ਦੁਬਾਰਾ ਕਿਸੇ ਦਾ ਗੁਰਬਾਣੀ ਨਾਲ ਛੇੜਛਾੜ ਕਰਨ ਦਾ ਹੌਸਲਾ ਨਾ ਪਵੇ ।