ਆਪ ਵੱਲੋਂ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਖ਼ਿਲਾਫ਼ ਪ੍ਰਦਰਸ਼ਨ, ਪੁਤਲਾ ਵੀ ਫੂਕਿਆ
ਸੰਜੀਵ ਸੂਦ
- ਅਸਤੀਫੇ ਦੀ ਕੀਤੀ ਮੰਗ, ਕਿਸਾਨਾਂ ਖ਼ਿਲਾਫ਼ ਅਪਸ਼ਬਦ ਟਿੱਪਣੀ ਦਾ ਹੈ ਮਾਮਲਾ
ਲੁਧਿਆਣਾ, 23 ਜੁਲਾਈ 2021 - ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਅੱਜ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੇ ਖਿਲਾਫ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਨਜ਼ਦੀਕ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜੇ ਦੀ ਸੰਖਿਆ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਮਿਨਾਕਸ਼ੀ ਲੇਖੀ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਤੇ ਇਸ ਉਪਰੰਤ ਮਿਨਾਕਸ਼ੀ ਲੇਖੀ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਅਸਤੀਫ਼ੇ ਦੀ ਮੰਗ ਵੀ ਕੀਤੀ।
ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਵਿਦੇਸ਼ ਰਾਜ ਮੰਤਰੀ ਮਿਨਾਕਸ਼ੀ ਲੇਖੀ ਦੁਆਰਾ ਕਿਸਾਨਾਂ ਦੇ ਲਈ ਜੋ ਅਪਸ਼ਬਦ ਕਹੇ ਗਏ ਹਨ ਉਸ ਨਾਲ ਸਿਰਫ ਕਿਸਾਨਾਂ ਦਾ ਹੀ ਨਹੀਂ ਬਲਕਿ ਦੇਸ਼ ਅਤੇ ਹਰ ਨਾਗਰਿਕ ਦਾ ਅਪਮਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਦੇਸ਼ ਦੇ ਅੰਨਦਾਤਾ ਲਈ ਅਜਿਹੇ ਅਪਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਆਪਣੀ ਹੱਕੀ ਲੜਾਈ ਲੜਦੇ ਹੋਏ ਦਿੱਲੀ ਦੇ ਸਰਹੱਦ ਤੇ ਪਿਛਲੇ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ ਅਤੇ ਮੀਨਾਕਸ਼ੀ ਲੇਖੀ ਵੱਲੋਂ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਿਨਾਕਸ਼ੀ ਲੇਖੀ ਦੁਆਰਾ ਕਿਸਾਨਾਂ ਨੂੰ ਮਬਾਲੀ ਕਿਹਾ ਗਿਆ ਸੀ।