ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਚੱਲੇ ‘ਸ਼ਬਦੀ ਬਾਣਾਂ’ ਪਿੱਛੋਂ ਹੰਗਾਮਾ
ਅਸ਼ੋਕ ਵਰਮਾ
ਬਠਿੰਡਾ, 23 ਜੂਨ2021: ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਅੱਜ ਕਾਫੀ ਰੌਲਾ-ਰੱਪਾ ਪਿਆ। ਹਾਕਮ ਧਿਰ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਇੱਕ ਦੂਸਰੇ ਤੇ ਸ਼ਬਦੀ ਤੀਰ ਚਲਾਏ। ਸ਼ਹਿਰ ਦੇ ਮੁੱਦਿਆਂ ਨੂੰ ਲੈਕੇ ਤਿੱਖਾ ਰੁੱਖ ਅਪਨਾਉਣ ਵਾਲੇ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਅਤੇ ਵਾਰਡ ਨੰਬਰ 2 ਤੋਂ ਕਾਂਗਰਸ ਦੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੇ ਵੀ ਕਾਂਗਰਸ ਨੂੰ ਘੇਰਿਆ। ਨਗਰ ਨਿਗਮ ਦੇ ਹਾਊਸ ਵਿੱਚ ਇਸ ਦੌਰਾਨ ਵਿਰੋਧੀਆਂ ਅਤੇ ਕਾਂਗਰਸੀ ਕੌਂਸਲਰਾਂ ਵਿਚਾਲੇ ਕਈ ਮੁੱਦਿਆਂ ‘ਤੇ ਭਖਵੀਂ ਬਹਿਸ ਹੋਈ । ਭਾਵੇਂ ਮੀਡੀਆ ਨੂੰ ਹਾਊਸ ਦੀ ਮੀਟਿੰਗ ’ਚ ਜਾਣ ਦੀ ਮਨਾਹੀ ਕੀਤੀ ਹੋਈ ਸੀ ਪਰ ਅੰਦਰੋਂ ਨਿੱਕਲ ਕੇ ਆਈ ਜਾਣਕਾਰੀ ਅਨੁਸਾਰ ਕਾਂਗਰਸੀ ਹਲਕਿਆਂ ਅਤੇ ਵਿਰੋਧੀਆਂ ਵਿਚਕਾਰ ਤ੍ਰਿਵੈਣੀ ਕੰਪਨੀ ਦੀ ਕਾਰਗੁਜ਼ਾਰੀ ਨੂੰ ਲੈਕੇ ਲਾ ਮਿਸਾਲ ਹੰਗਾਮਾ ਹੋਇਆ। ਬਠਿੰਡਾ ਦੇ 40 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਪੁਲਿਸ ਤਾਇਨਾਤ ਕੀਤੀ ਗਈ ਸੀ।
ਪਿਛਲੀ ਵਾਰ ਦੀ ਮੀਟਿੰਗ ਦੌਰਾਨ ਵਿੱਤ ਮੰਤਰੀ ਤੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਅਤੇ ਮੀਡੀਆ ਵਿਚਕਾਰ ਬਣੀ ਤਲਖੀ ਕਾਰਨ ਬਹੁਤੇ ਕਾਂਗਰਸੀ ਕੌਂਸਲਰਾਂ ਨੇ ਵੀ ਮੀਡੀਆ ਨਾਲ ਗਿਣਵੀ ਚੁਣਵੀਂ ਗੱਲ ਕੀਤੀ। ਹਾਊਸ ’ਚ ਹੋਏ ਹੰਗਾਮੇ ਦੌਰਾਨ ਆਪਣੀ ਗੱਲ ਨਾਂ ਸੁਣੇ ਜਾਣ ਤੋਂ ਭੜਕੇ ਅਕਾਲੀ ਦਲ ਦੇ ਕੌਂਸਲਰਾਂ, ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਅਤੇ ਸੁਖਦੀਪ ਸਿੰਘ ਢਿੱਲੋਂ ਹਾਊਸ ਦੀ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ। ਅਕਾਲੀ ਦਲ ਦੀ ਕੌਂਸਲਰ ਸ਼ੈਰੀ ਗੋਇਲ ਦਾ ਕਹਿਣਾ ਸੀ ਕਿ ਕਾਂਗਰਸੀ ਬੈਂਚਾਂ ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬੋਲਣ ਲੱਗਦਾ ਸੀ ਤਾਂ ਕਾਂਗਰਸ ਦੇ ਕੌਂਸਲਰ ਸ਼ੋਰ ਸ਼ਰਾਬ ਕਰਨ ਲੱਗ ਜਾਂਦੇ ਸਨ। ਉਨ੍ਹਾਂ ਆਖਿਆ ਕਿ ਸਿਰਫ ਅਕਾਲੀਆਂ ਨੂੰ ਹੀ ਨਹੀਂ ਕਾਂਗਰਸ ਦੇ ਸੀਨੀਅਰ ਕੌਂਸਲਰ ਜਗਰੂਪ ਸਿੰਘ ਗਿੱਲ ਨੂੰ ਵੀ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਸੀਨਂਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਪ੍ਰਧਾਨ ਦਾ ਵਤੀਰਾ ਬੇਹੱਦ ਮਾੜਾ ਸੀ।
ਨਗਰ ਨਿਗਮ ਹਾਊਸ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਅਕਾਲੀ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੇ ਆਖਿਆ ਕਿ ਮੇਅਰ ਨੂੰ ਤਾਂ ਦੂਸਰੇ ਕਾਂਗਰਸੀ ਬੋਲਣ ਹੀ ਨਹੀਂ ਦੇ ਰਹੇ ਸਨ ਬਲਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਹੀ ਗੱਲ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਸਫਾਈ ਕਰਮਚਾਰੀਆਂ , ਟੀਲਾਂ ਅਤੇ ਵਕਫ ਬੋਰਡ ਦੀ ਜਮੀਨ ਦੀ ਲੀਜ਼ ਘੱਟ ਕਰਨ ਦਾ ਮਾਮਲਾ ਉਠਾਇਆ ਸੀ ਪਰ ਕਾਂਗਰਸ ਦਾ ਵਤੀਰਾ ਅਸਹਿਯੋਗ ਵਾਲਾ ਰਿਹਾ। ਸ੍ਰੀ ਢਿੱਲੋਂ ਨੇ ਮੀਡੀਆਂ ਨੂੰ ਹਾਊਸ ’ਚ ਜਾਣ ਤੋਂ ਰੋਕਣ ਦੇ ਫੈਸਲੇ ਨੂੰ ਮੰਦਭਾਗਾ ਦੱਸਿਆ । ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਰੋਕਣ ਦੀ ਨਿਖੇਧੀ ਕਰਦਿਆਂ ਸ੍ਰੀ ਢਿੱਲੋਂ ਨੇ ਇਸ ਨੂੰ ਜਮਹੂਰੀ ਕਦਰਾਂ ਕੀਮਤਾਂ ਦੀ ਹੱਤਿਆ ਕਰਾਰ ਦਿੱਤਾ। ਸੀ ਗਿੱਲ ਨੇ ਅੱਜ ਦੱਸਿਆ ਕਿ ਉਨ੍ਹਾਂ ਵੱਲੋਂ ਹੱਡਾਰੋੜੀ ਬਨਾਉਣ ਦੀ ਮੰਗ ਰੱੱਖੀ ਗਈ ਸੀ ਜਿਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।
ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਕਚਰਾ ਪਲਾਂਟ ਸ਼ਿਫਟ ਕਰਨ ਦੀ ਮੰਗ ਕੀਤੀ ਹੈ ਜਿਸ ਕਾਰਨ 50 ਹਜਾਰ ਤੋਂ ਵੱਧ ਦੀ ਅਬਾਦੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਚੋਣਾਂ ਮੌਕੇ ਜਾਰੀ ਚੋਣ ਮਨੋਰਥ ਪੱਤਰ ’ਚ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਕਚਰਾ ਪਲਾਂਟ ਸ਼ਿਫਟ ਕਰਨਾ ਵਾਅਦਾ ਕੀਤਾ ਸੀ ਜੋ ਹਾਲੇ ਤੱਕ ਵਫਾ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਜਦੋਂ ਵੀ ਸਵਾਲ ਕੀਤਦਾ ਜਾਂਦਾ ਹੈ ਉਸ ਦਾ ਜਵਾਬ ਚੇਅਰ ਨੇ ਦੇਣਾ ਹੁੰਦਾ ਹੈ ਜਾਂ ਫਿਰ ਮੇਅਰ ਕਮਿਸ਼ਨ ਨੂੰ ਆਖ ਸਕਦੇ ਹਨ ਪਰ ਇੱਥੇ ਵਾਰ ਵਾਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਉੱਠ ਕੇ ਬੋਲਣ ਲੱਗ ਜਾਂਦੇ ਸਨ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਦੋਵੇਂ ਅਹੁਦੇਦਾਰ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਤਾਂ ਠੀਕ ਹੈ ਨਹੀਂ ਤਾਂ ਮੈਂਬਰ ਵਜੋਂ ਜਵਾਬ ਦੇ ਸਕਦੇ ਹਨ ਪਰ ਇਸ ਤਰਾਂ ਦਾ ਵਤੀਰਾ ਉਨ੍ਹਾਂ ਨੂੰ ਮਨਜੂਰ ਨਹੀਂ ਹੈ।
ਡਿਪਟੀ ਮੇਅਰ ਵੱਲੋਂ ਦੋਸ਼ ਰੱਦ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੇ ਫੋਨ ਨਹੀਂ ਚੁੱਕਿਆ ਜਦੋਂਕਿ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੇ ਵਿਰੋਧੀਆਂ ਅਤੇ ਕਾਂਗਰਸੀ ਕੌਂਸਲਰ ਜਗਰੂਪ ਗਿੱਲ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਆਖਿਆ ਕਿ ਸਾਰਿਆਂ ਨੇ ਇੱਕ ਇੱਕ ਏਜੰਡੇ ਤੇ ਬਹਿਸ ਕਰਕੇ ਫਿਰ ਗਏ ਹਨ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਕੋਵਿਡ ਨਿਯਮਾਂ ਕਰਕੇ ਨਹੀਂ ਸੱਦਿਆ ਕਿਉਂਕਿ 50 ਵਿਅਕਤੀਆਂ ਦੇ ਇਕੱਠ ਨੂੰ ਪ੍ਰਵਾਨਗੀ ਹੈ ਜਦੋਂਕਿ 50 ਕੌਂਸਲਰ ਅਤੇ ਪੰਜ ਸੱਤ ਅਧਿਕਾਰੀ ਹੋ ਜਾਂਦੇ ਹਨ। ਉਨ੍ਹਾਂ ਆਖਿਆ ਕਿ ਮੀਡੀਆ ਨੂੰ ਰੋਕਣ ਵਾਲੀ ਗੱਲ ਸਹੀ ਨਹੀਂ ਹੈ ਸਥਿਤੀ ਸਹੀ ਹੁੰਦਿਆਂ ਹੀ ਪੱਤਰਕਾਰਾਂ ਨੂੰ ਬਲਾਇਆ ਜਾਏਗਾ।