ਸਾਬਕਾ ਮੰਤਰੀ ਹੰਸ ਰਾਜ ਜੋਸਨ
ਜਗਦੀਸ਼ ਥਿੰਦ
ਫ਼ਾਜ਼ਿਲਕਾ 14 ਅਪ੍ਰੈਲ , ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਤ ਇਕ ਸੀਨੀਅਰ ਕਾਂਗਰਸੀ ਆਗੂ ਕਾਂਗਰਸ ਦਾ ਹੱਥ ਛੱਡ ਕੇ ਅਕਾਲੀ ਦਲ ਦੀ ਤੱਕੜੀ ਫੜਨ ਜਾ ਰਿਹਾ ਹੈ ।
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਦੋ ਵਾਰ ਵਿਧਾਇਕ ਅਤੇ ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀ ਰਹੇ ਹੰਸ ਰਾਜ ਜੋਸਨ ਅੱਜ 14 ਅਪਰੈਲ 2021 ਨੂੰ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਹਨ ।
ਚੇਅਰਮੈਨ ਲੈਦਰ ਕਾਰਪੋਰੇਸ਼ਨ ਪੰਜਾਬ , ਜੰਗਲਾਤ ਮੰਤਰੀ ਪੰਜਾਬ ਦੇ ਅਹੁਦਿਆਂ ਤੇ ਕੰਮ ਕਰਨ ਤੋਂ ਇਲਾਵਾ ਹੰਸ ਰਾਜ ਜੋਸਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਹਨ ।
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਲੜੀ ਪਹਿਲੀ ਉਪ ਚੋਣ ਮੌਕੇ ਹੰਸ ਰਾਜ ਜੋਸਨ ਹੀ ਕਾਂਗਰਸ ਟਿਕਟ ਤੇ ਸੁਖਬੀਰ ਸਿੰਘ ਦੇ ਮੁਕਾਬਲੇ ਉੱਪਰ ਸਨ ।
ਮੌਜੂਦਾ ਪਲੈਨਿੰਗ ਬੋਰਡ ਚੇਅਰਮੈਨ ਫਾਜ਼ਿਲਕਾ ਦੇ ਅਹੁਦੇ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੰਸ ਰਾਜ ਜੋਸਨ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਪਾਰਟੀ ਵਿਚ ਲੰਬਾ ਸਮਾਂ ਸੇਵਾ ਕੀਤੀ ਪਰ ਹੁਣ ਪੁਰਾਣੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਨਾ ਮਿਲਣ ਕਾਰਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਲਣ ਦਾ ਫੈਸਲਾ ਲਿਆ ਹੈ ।
ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਸਥਿਤ ਹੰਸ ਰਾਜ ਜੋਸਨ ਦੇ ਜੱਦੀ ਪਿੰਡ ਚੱਕ ਸੋਤਰੀਆ ( ਬੰਦੀਵਾਲਾ ) ਵਿਖੇ ਬਾਅਦ ਦੁਪਹਿਰ ਸੁਖਬੀਰ ਸਿੰਘ ਬਾਦਲ ਪੁੱਜ ਰਹੇ ਹਨ ।
ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਹੰਸ ਰਾਜ ਜੋਸਨ ਅਗਾਮੀ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੋ ਸਕਦੇ ਹਨ ।