ਸੋਸ਼ਲ ਮੀਡੀਆ 'ਤੇ ਬਠਿੰਡਾ ਦੀ ਅਨਾਜ ਮੰਡੀ ਵਿੱਚ ਨਸ਼ੇ ਨਾਲ ਧੁੱਤ ਇੱਕ ਲੜਕੀ ਦੀ ਵੀਡੀਓ ਵਾਇਰਲ
ਅਸ਼ੋਕ ਵਰਮਾ
ਬਠਿੰਡਾ, 2 ਅਕਤੂਬਰ 2026 :ਬਠਿੰਡਾ ਦੀ ਦਾਣਾ ਮੰਡੀ ਵਿਖੇ ਇੱਕ ਕੁੜੀ ਦੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਯੁੱਧ ਤੇ ਸਵਾਲ ਚੁੱਕ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਵੀਡੀਓ ਨੂੰ ਆਪਣੇ ਐਕਸ ਅਕਾਉਂਟ ’ਤੇ ਸਾਂਝੀ ਕਰਦਿਆਂ ਲਿਖਿਆ ਕਿ ਇਹਨਾਂ ਦ੍ਰਿਸ਼ਾਂ ਨੇ “ਪੰਜਾਬ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ।” ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਬਾਵਜੂਦ ਉਹ ਜਵਾਨੀ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਦੂਜੇ ਪਾਸੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰਕਤ ਵਿੱਚ ਆਈ ਪੁਲੀਸ ਨੇ ਲੜਕੀ ਨੂੰ ਇਲਾਜ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਕਾਰ ਭਰਤੀ ਕਰਵਾਇਆ ਹੈ। ਵੀਡੀਓ ਵਿੱਚ ਲੜਕੀ ਆਪਣੇ ਆਪ ਨੂੰ ਸੰਭਾਲਣ ਵਿੱਚ ਅਸਮਰੱਥ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਇੱਕ ਵਾਰ ਉਹ ਹੇਠਾਂ ਡਿੱਗਦੀ ਅਤੇ ਫਿਰ ਸੰਭਲਦੀ ਦਿਖਾਈ ਦਿੰਦੀ ਹੈ। ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਵੀਰਵਾਰ ਨੂੰ ਲੜਕੀ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹ ਲੜਕੀ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਖੇਤਰ ਦੀ ਰਹਿਣ ਵਾਲੀ ਹੈ। ਪੁਲਿਸ ਅਨੁਸਾਰ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਲੜਕੀ ਬਠਿੰਡਾ ਕਿਸ ਤਰ੍ਹਾਂ ਪਹੁੰਚੀ ਅਤੇ ਕਿਉਂ ਆਈ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-