ਮਰੀਜ਼ ਬਣ ਕੇ ਆਏ ਵਿਅਕਤੀਆਂ ਨੇ ਨਿੱਜੀ ਹਸਪਤਾਲ ਦਾ ਡਾਕਟਰ ਲੁੱਟਿਆ! ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਜਾਰੀ
ਜਗਰਾਉਂ, (ਦੀਪਕ ਜੈਨ)
ਜਗਰਾਉਂ ਸ਼ਹਿਰ ਦੇ ਫਿਲੀ ਗੇਟ ਤੋਂ ਰਾਏਕੋਟ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਵੀਰਵਾਰ ਤੜਕੇ ਵਾਪਰੀ ਕਥਿਤ ਲੁੱਟ ਦੀ ਘਟਨਾ ਨੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ਼ਿਕਾਇਤਕਰਤਾ ਡਾਕਟਰ ਵਿਜੇ ਚੋਪੜਾ ਨੇ ਦੋਸ਼ ਲਗਾਇਆ ਹੈ ਕਿ ਕੁਝ ਵਿਅਕਤੀ ਪਹਿਲਾਂ ਮਰੀਜ਼ ਬਣ ਕੇ ਉਨ੍ਹਾਂ ਦੇ ਕਲੀਨਿਕ ਵਿੱਚ ਆਏ ਅਤੇ ਯੋਜਨਾਬੱਧ ਢੰਗ ਨਾਲ ਉਨ੍ਹਾਂ ਨਾਲ ਮਾਰਪੀਟ, ਧਮਕੀਆਂ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੇ ਦਾਅਵੇ ਅਨੁਸਾਰ ਇਸ ਘਟਨਾ ਵਿੱਚ ਨਗਦੀ, ਸੋਨੇ ਦੀ ਅੰਗੂਠੀ ਅਤੇ ਮੋਬਾਈਲ ਫੋਨ ਸਮੇਤ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਸਾਰੇ ਤੱਥ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਣਗੇ।
ਡਾਕਟਰ ਵਿਜੇ ਚੋਪੜਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਇੱਕ ਨੌਜਵਾਨ ਇਲਾਜ ਲਈ ਕਲੀਨਿਕ ਵਿੱਚ ਆਇਆ ਸੀ। ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਦਵਾਈ ਦੀ ਸਲਾਹ ਦਿੱਤੀ ਗਈ, ਪਰ ਉਸ ਨੇ ਡਰਿਪ ਲਗਾਉਣ ਦੀ ਇੱਛਾ ਜਤਾਈ ਅਤੇ ਅਗਲੇ ਦਿਨ ਸਵੇਰੇ ਆਉਣ ਦੀ ਗੱਲ ਕਹਿ ਕੇ ਚਲਾ ਗਿਆ। ਡਾਕਟਰ ਦੇ ਅਨੁਸਾਰ ਵੀਰਵਾਰ ਸਵੇਰੇ ਕਰੀਬ 7:15 ਵਜੇ ਉਹੀ ਨੌਜਵਾਨ ਪੰਜ ਹੋਰ ਵਿਅਕਤੀਆਂ ਨਾਲ ਕਲੀਨਿਕ ਵਿੱਚ ਆਇਆ ਅਤੇ ਡਰਿਪ ਲਗਵਾਉਣ ਦੀ ਮੰਗ ਕੀਤੀ।
ਡਾਕਟਰ ਚੋਪੜਾ ਨੇ ਦੱਸਿਆ ਕਿ ਡਰਿਪ ਲਗਾਉਣ ਤੋਂ ਕੁਝ ਸਮੇਂ ਬਾਅਦ ਇੱਕ ਔਰਤ ਵੀ ਕਲੀਨਿਕ ਵਿੱਚ ਦਵਾਈ ਲੈਣ ਆਈ। ਇਸ ਦੌਰਾਨ, ਜਦੋਂ ਉਹ ਕਲੀਨਿਕ ਦੇ ਪਿਛਲੇ ਹਿੱਸੇ ਵੱਲ ਜਾ ਰਹੇ ਸਨ ਤਾਂ ਮੌਜੂਦ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ, ਮੂੰਹ ਦਬਾ ਦਿੱਤਾ ਅਤੇ ਕਥਿਤ ਤੌਰ 'ਤੇ ਹਥਿਆਰ ਦਿਖਾ ਕੇ ਧਮਕੀਆਂ ਦਿੱਤੀਆਂ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਤੋਂ ਕਲੀਨਿਕ ਵਿੱਚ ਰੱਖੀ ਨਗਦੀ, ਜੇਬ ਵਿੱਚ ਮੌਜੂਦ ਰਕਮ, ਸੋਨੇ ਦੀ ਅੰਗੂਠੀ ਅਤੇ ਮੋਬਾਈਲ ਫੋਨ ਲੈ ਲਿਆ ਗਿਆ।
ਡਾਕਟਰ ਚੋਪੜਾ ਨੇ ਇਹ ਵੀ ਦਾਅਵਾ ਕੀਤਾ ਕਿ ਘਟਨਾ ਦੌਰਾਨ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਉਨ੍ਹਾਂ ਦੇ ਹੱਥ-ਪੈਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੇ ਦੱਸਣ ਅਨੁਸਾਰ, ਕੁਝ ਵਿਅਕਤੀ ਕਲੀਨਿਕ ਦੇ ਨਾਲ ਲੱਗਦੀ ਉਹਨਾਂ ਦੀ ਰਿਹਾਇਸ਼ੀ ਵਿੱਚ ਵੀ ਦਾਖਲ ਹੋਏ, ਜਿੱਥੇ ਉਨ੍ਹਾਂ ਦੀ ਪਤਨੀ ਨਾਲ ਵੀ ਕਥਿਤ ਤੌਰ 'ਤੇ ਧੱਕਾ-ਮੁੱਕੀ ਅਤੇ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੀ ਪਤਨੀ ਦੇ ਸ਼ੋਰ ਮਚਾਉਣ ਅਤੇ ਉਹਨਾਂ ਦਾ ਬੇਟਾ ਮੌਕੇ ਤੇ ਪੁੱਜਿਆ ਤਾਂ ਉਹ ਸਾਰੇ ਉਥੋਂ ਫਰਾਰ ਹੋ ਗਏ। ਡਾਕਟਰ ਚੋਪੜਾ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਉਹਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੂੰ ਲੁੱਟਣ ਆਏ ਨੌਜਵਾਨ ਆਪਣਾ ਮੋਟਰਸਾਈਕਲ ਉਥੇ ਹੀ ਛੱਡ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ, ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਵੀ ਖੰਗਾਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-