PU ਸੈਨਟ ਚੋਣਾਂ : ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਵੱਲੋਂ ਨਰੇਸ਼ ਗੌੜ ਦੇ ਹੱਕ ਵਿੱਚ ਲਾਮਬੰਦੀ
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2026: ਸੈਨੇਟ ਦੀ ਚੋਣ ਲੜ ਰਹੇ ਸਾਥੀ ਨਰੇਸ਼ ਗੌੜ ਦੇ ਸਮਰਥਨ ਲਈ ਡਾ ਗੁਰਪ੍ਰੀਤ ਸਿੰਘ ਬਾਠ ਅਤੇ ਬੈਂਕਾਂ ਦੇ ਆਗੂ ਸਾਥੀ ਨਰਿੰਦਰ ਬਾਂਸਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਬਠਿੰਡਾ ਮਾਨਸਾ ਜ਼ਿਲਿਆਂ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਮੀਟਿੰਗ ਵਿੱਚ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਇਤਿਹਾਸਿਕ ਵਿਰਾਸਤ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਖੋਹਣ ਦੀਆਂ ਕੇਂਦਰ ਸਰਕਾਰ ਦੀਆਂ ਸਾਜਿਸ਼ਾਂ ਨੂੰ ਰੋਕਣ ਲਈ ਅਤੇ ਦੇਸ਼ ਦੀ ਇੱਕੋ ਇੱਕ ਯੂਨੀਵਰਸਿਟੀ ਅੰਦਰ ਸੈਨੇਟ ਵਰਗਾ ਲੋਕਤੰਤਰੀ ਢਾਂਚਾ ਬਣਾਈ ਰੱਖਣ ਲਈ ਸਾਥੀ ਨਰੇਸ਼ ਗੌੜ ਵਰਗੇ ਮਜਬੂਤ ਅਤੇ ਪੰਜਾਬ ਪੱਖੀ ਉਮੀਦਵਾਰ ਨੂੰ ਜਿਤਾਉਣਾ ਬਹੁਤ ਜਰੂਰੀ ਹੈ।
ਸਾਥੀ ਅਰਸ਼ੀ ਨੇ ਦੱਸਿਆ ਕਿ ਦੋਵਾਂ ਜਿਲਿਆਂ ਨੂੰ ਦਰਜਨਾਂ ਸੈਕਟਰਾਂ ਵਿੱਚ ਵੰਡ ਕੇ ਜਿੰਮੇਵਾਰ ਸਾਥੀਆਂ ਨੂੰ ਕਮਾਨ ਸੰਭਾਲ ਦਿੱਤੀ ਹੈ ਤਾਂ ਜੋ ਵੋਟਰਾਂ ਤੱਕ ਨਿੱਜੀ ਸੰਪਰਕ ਬਣਾ ਸਕਣ। ਵੋਟਰਾਂ ਦਾ ਜਿਸ ਤਰ੍ਹਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਦੋਵਾਂ ਜਿਲਿਆਂ ਵਿੱਚੋਂ ਸਾਥੀ ਗੌੜ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨਗੇ। 20 ਸਤੰਬਰ ਲਈ ਪੋਲਿੰਗ ਬੂਥ ਦਾ ਸੁਚੱਜਾ ਪ੍ਰਬੰਧ ਕਰਨ ਲਈ ਟੀਮ ਨਿਯੁਕਤ ਕਰ ਦਿੱਤੀ ਹੈ। ਇਸ ਮੌਕੇ ਨਰੇਸ਼ ਗੌੜ ਨੇ ਆਪਣੀਆਂ ਤਿੰਨ ਜੇਤੂ ਪਾਰੀਆਂ ਦੇ ਰਿਪੋਰਟ ਕਾਰਡ ਦੀ ਵਿਆਖਿਆ ਕਰਦਿਆਂ ਕਿਹਾ ਕਿ ਭਾਵੇਂ ਵੱਡੇ ਸਾਝੇ ਸੰਘਰਸ਼ਾਂ ਨੇ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਬਦਲਣ ਦੀ ਕੇਂਦਰ ਸਰਕਾਰ ਦੀ ਸਾਜਿਸ਼ ਨੂੰ ਇੱਕ ਵਾਰ ਤਾਂ ਅਸਫਲ ਕਰ ਦਿੱਤਾ ਹੈ ਪ੍ਰੰਤੂ ਅਵੇਸਲੇ ਹੋਣਾ ਖਤਰਨਾਕ ਹੋਵੇਗਾ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਕਿਸੇ ਸਮੇਂ ਵੀ ਯੂਨੀਵਰਸਿਟੀ ਪੰਜਾਬ ਤੋਂ ਖੋਹ ਸਕਦੀ ਹੈ। ਸਾਥੀ ਗੌੜ ਨੇ ਅੰਤ ਵਿੱਚ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਤੇ ਵਿਗਿਆਨਿਕ ਵਿਦਿਆ ਦੇ ਕਾਜ ਨੂੰ ਸਮਰਪਿਤ ਉਮੀਦਵਾਰਾਂ ਨੂੰ ਜਿਤਾ ਕੇ ਸੈਨੇਟ ਵਿੱਚ ਭੇਜਣਾ ਚਾਹੀਦਾ ਹੈ। ਮੀਟਿੰਗ ਵਿੱਚ ਬੋਲਦੇ ਹੋਏ ਐਸ ਬੀ ਆਈ ਇੰਮਪਲਾਈਜ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਨਰ ਕੇਸਰ ਰਾਏ ਨੇ ਸਾਥੀ ਗੌਡ ਦੀ ਸਮੁੱਚੀ ਚੋਣ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਧ ਕੇ ਸਮਰਥਨ ਮਿਲ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਥੀ ਗੌੜ ਜੀ ਸ਼ਾਨਦਾਰ ਜਿੱਤ ਦਰਜ ਕਰਨਗੇ।ਮੀਟਿੰਗ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ,ਪ੍ਰੋਫੈਸਰ ਅਸ਼ੋਕ ਸਿੰਘ ਮਿੱਤਲ, ਬੈਂਕਾ ਦੇ ਆਗੂ ਪਵਨ ਕੁਮਾਰ ਜਿੰਦਲ ਤੇ ਬਸੰਤ ਸਿੰਘ ਅਗਰੋਈਆ ਨੇ ਵੀ ਸੰਬੋਧਨ ਕੀਤਾ।
- Download Babushahi App
-
-