ਹਮੀਰਪੁਰ ਬਾਈਪਾਸ ’ਤੇ ਟਰੱਸ ਬ੍ਰਿਜ ਦੀ ਲਾਂਚਿੰਗ ਦੌਰਾਨ ਹਾਦਸਾ, ਤਿੰਨ ਜ਼ਖ਼ਮੀ
Babushahi Network
ਹਮੀਰਪੁਰ, 2 ਅਕਤੂਬਰ 2026- ਸ਼ਿਮਲਾ-ਮਟੌਰ ਕੋਰੀਡੋਰ ਪ੍ਰਾਜੈਕਟ ਤਹਿਤ ਨਿਰਮਾਣ ਅਧੀਨ ਹਮੀਰਪੁਰ ਬਾਈਪਾਸ (ਐੱਨਐੱਚ-103) ’ਤੇ ਸ਼ੁੱਕਰਵਾਰ ਨੂੰ 90 ਮੀਟਰ ਲੰਬੇ ਟਰੱਸ ਬ੍ਰਿਜ ਦੀ ਲਾਂਚਿੰਗ ਦੌਰਾਨ ਹਾਦਸਾ ਵਾਪਰ ਗਿਆ। ਲਾਂਚਿੰਗ ਪ੍ਰਕਿਰਿਆ ਦੌਰਾਨ ਤਕਨੀਕੀ ਖ਼ਰਾਬੀ ਆਉਣ ਕਾਰਨ ਪੁਲ ਦੇ ਢਾਂਚੇ ਦਾ ਇੱਕ ਹਿੱਸਾ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਅਤੇ ਹਸਪਤਾਲ ਹਮੀਰਪੁਰ ਪਹੁੰਚਾਇਆ ਗਿਆ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬ੍ਰਿਜ ਦੀ ਲਾਂਚਿੰਗ ਪ੍ਰਕਿਰਿਆ ਤਹਿਤ ਲਾਂਚਿੰਗ ਨੋਜ਼ ਨੂੰ ਪੀਅਰ ਕੈਪ ’ਤੇ ਸਥਾਪਤ ਕੀਤਾ ਜਾ ਰਿਹਾ ਸੀ। ਟਰੱਸ ਨੂੰ ਪੁਸ਼ਿੰਗ ਵਿਧੀ ਰਾਹੀਂ ਅੱਗੇ ਵਧਾਇਆ ਜਾ ਰਿਹਾ ਸੀ ਕਿ ਅਚਾਨਕ ਮਕੈਨੀਕਲ ਖ਼ਰਾਬੀ ਆ ਗਈ ਅਤੇ ਢਾਂਚੇ ਦਾ ਇੱਕ ਹਿੱਸਾ ਹੇਠਾਂ ਡਿੱਗ ਗਿਆ।
ਹਾਦਸੇ ਤੋਂ ਬਾਅਦ ਐੱਨਐੱਚਏਆਈ ਅਤੇ ਨਿਰਮਾਣ ਕਾਰਜ ਨਾਲ ਜੁੜੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਐੱਨਐੱਚਏਆਈ ਅਨੁਸਾਰ ਪੁਲ ਦੇ ਪੀਅਰਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਹਾਦਸੇ ਦੇ ਅਸਲ ਕਾਰਨਾਂ ਅਤੇ ਤਕਨੀਕੀ ਖ਼ਰਾਬੀ ਦੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-