ਹੜ੍ਹਾਂ ਦੌਰਾਨ ਬੱਕਰੀਆਂ ਦੀ ਸੰਭਾਲ ਲਈ ਸਿਫ਼ਾਰਿਸ਼ਾਂ
ਲੁਧਿਆਣਾ 30 ਅਗਸਤ 2025
ਪੰਜਾਬ ਅਤੇ ਗਵਾਂਢੀ ਰਾਜਾਂ ਵਿੱਚ ਹੜ੍ਹ ਦੇ ਪਾਣੀ ਅਤੇ ਇਸ ਦੇ ਕਾਰਨ ਪੈਦਾ ਹੋਏ ਹਲਾਤਾਂ ਕਾਰਨ ਬੱਕਰੀਆਂ ਨੂੰ ਸਿਹਤ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਦੌਰਾਨ ਬੱਕਰੀਆਂ ਅਤੇ ਮੇਮਣਿਆਂ ਦੀ ਸੰਭਾਲ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਬੱਕਰੀਆਂ ਨੂੰ ਨਵੇਂ ਦੁੱਧ ਵੀ ਕਰਵਾਇਆ ਜਾਵੇਗਾ। ਇਸ ਲਈ ਬੋਕ ਅਤੇ ਬੱਕਰੀਆਂ ਦੀ ਸੰਭਾਲ ਲਈ ਕੁਝ ਜ਼ਰੂਰੀ ਪ੍ਰਬੰਧ ਕਰ ਲੈਣੇ ਚਾਹੀਦੇ ਹਨ।
ਮਾਹਿਰ ਦੀ ਸਲਾਹ ਲੈ ਕੇ ਬੱਕਰੀਆਂ ਨੂੰ ਲੋੜ ਅਨੁਸਾਰ ਕਿਰਮ ਰਹਿਤ ਕਰਨਾ ਚਾਹੀਦਾ ਹੈ। ਗੱਭਣ ਬੱਕਰੀਆਂ ਨੂੰ ਮਾਹਿਰ ਦੀ ਸਲਾਹ ਬਿਨਾਂ ਕਿਰਮ ਰਹਿਤ ਨਾ ਕਰੋ ਕਿਉਂਕਿ ਕਈ ਦਵਾਈਆਂ ਗੱਭਣ ਪਸ਼ੂ ਲਈ ਢੁਕਵੀਆਂ ਨਹੀਂ ਹੁੰਦੀਆਂ।
ਬੱਕਰੀਆਂ ਦੀਆਂ ਅੱਖਾਂ ਦੀਆਂ ਝਿੱਲੀਆਂ ਦੀ ਜਾਂਚ ਕਰਦੇ ਰਹੋ। ਜੇ ਇਹਨਾਂ ਦਾ ਰੰਗ ਹਲਕਾ ਪੈ ਰਿਹਾ ਹੈ ਤਾਂ ਤੁਰੰਤ ਡਾਕਟਰੀ ਸਲਾਹ ਲਉ ਅਤੇ ਯੋਗ ਇਲਾਜ ਕਰਵਾਉ।
ਜੇਕਰ ਬੱਕਰੀਆਂ ਨੂੰ ਮੂੰਹ-ਖੁਰ ਅਤੇ ਗਲਘੋਟੂ ਤੋਂ ਬਚਾਅ ਲਈ ਟੀਕੇ ਨਹੀਂ ਲਗਵਾਏ ਗਏ ਹਨ ਤਾਂ ਇਹਨਾਂ ਦੋਨਾਂ ਲਈ ਇੱਕੋ ਟੀਕਾ ਮੌਜੂਦ ਹੈ ਜਿਸ ਦੀ ਵਰਤੋਂ ਮਾਹਿਰ ਦੀ ਨਿਗਰਾਨੀ ਵਿੱਚ ਕੀਤੀ ਜਾ ਸਕਦੀ ਹੈ। ਬਿਮਾਰ ਪਸ਼ੂਆਂ ਦਾ ਟੀਕਾਕਰਨ ਨਾ ਕਰੋ।
ਸ਼ੈੱਡ ਜਾਂ ਬੱਕਰੀਆਂ ਦੇ ਵਾੜੇ ਦੀ ਫ਼ਰਸ਼/ ਮਿੱਟੀ ਵਿੱਚ ਲਗਾਤਾਰ ਸਿੱਲ੍ਹ ਦੇ ਕਾਰਨ ਬੱਕਰੀਆਂ ਨੂੰ ਧੱਦਰ/ ਚਮੜੀ ਦੀ ਇਨਫ਼ੈਕਸ਼ਨ ਹੋ ਸਕਦੀ ਹੈ। ਇਸਲਈ ਵਾੜੇ ਦੀ ਫ਼ਰਸ਼ ਉੱਤੇ ਸੁੱਕ ਵਿਛਾ ਕੇ ਰੱਖੋ।
ਹੜ੍ਹ ਵਾਲੇ ਪਾਣੀ ਨਾਲ ਕਈ ਕਿਸਮਾਂ ਦਾ ਜ਼ਹਿਰਵਾਦ ਹੋ ਸਕਦਾ ਹੈ। ਬੱਕਰੀ ਪਾਲਕ ਹਰ ਸੰਭਵ ਕੋਸ਼ਿਸ਼ ਕਰਨ ਕਿ ਬੱਕਰੀਆਂ ਚਰਨ ਵੇਲੇ ਹੜ੍ਹ ਦਾ ਪਾਣੀ ਨਾ ਪੀਣ। ਨੀਵੇਂ ਇਲਾਕਿਆਂ ਵਿੱਚ ਬੱਕਰੀਆਂ ਨੂੰ ਚਰਾਉਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਇੱਥੋਂ ਪਾਣੀ ਪੀਣ ਨਾਲ ਵੀ ਬੱਕਰੀਆਂ ਨੂੰ ਪਰਜੀਵੀ ਰੋਗ ਹੋ ਸਕਦੇ ਹਨ। ਮੇਮਣਿਆਂ ਨੂੰ ਪਿਲਾਉਣ ਵਾਲਾ ਪਾਣੀ 10-15 ਮਿੰਟ ਲਈ ਉਬਾਲ ਕੇ, ਠੰਡਾ ਕਰ ਕੇ ਰੱਖੋ।
ਜੇਕਰ ਸੰਭਵ ਹੋ ਸਕੇ ਤਾਂ ਧੁੱਪ ਵਾਲੇ ਦਿਨ ਵਿੱਚ ਕਲੀ ਜਾਂ 5 ਪ੍ਰਤੀਸ਼ਤ ਫ਼ਾਰਮਾਲਿਨ ਦੇ ਘੋਲ ਨਾਲ ਇਹਨਾਂ ਦੇ ਖੁਰਾਂ ਦੀ ਸਫ਼ਾਈ ਕਰ ਦੇਣੀ ਚਾਹੀਦੀ ਹੈ। ਜੇਕਰ ਬੱਕਰੀਆਂ ਦੇ ਖੁਰ ਵਧੇ ਹਨ ਤਾਂ ਇਹਨਾਂ ਨੂੰ ਤਰਾਸ਼ਣ ਲਈ ਪਾਣੀ ਦੇ ਸੁੱਕਣ ਦੀ ਉਡੀਕ ਕਰ ਲੈਣੀ ਚਾਹੀਦੀ ਹੈ।
ਬੱਕਰੀਆਂ ਨੂੰ ਉੱਲੀ ਲੱਗੇ ਦਾਣੇ ਜਾਂ ਖੁਰਾਕ ਅਤੇ ਮਾੜੇ ਮਿਆਰ ਦੀ ਸਾਈਲੇਜ ਜਾਂ ਖੁਰਾਕ ਨਾ ਦਿਉ ਜਿਸ ਕਾਰਨ ਇਹਨਾਂ ਨੂੰ ਜ਼ਹਿਰਵਾਦ, ਬਦਹਜ਼ਮੀ ਅਤੇ ਤੂਅ ਜਾਣ ਦੀ ਸਮੱਸਿਆ ਹੋ ਸਕਦੀ ਹੈ।
ਪਸ਼ੂ ਪਾਲਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਵਰਸਿਟੀ ਵਿਖੇ 62832-58834 ਅਤੇ 62832-97919 ’ਤੇ ਸੰਪਰਕ ਕਰ ਸਕਦੇ ਹਨ।