Crime Special-ਜੁਡੀਸ਼ੀਅਲ ਜਾਂਚ : ਹਾਦਸੇ ’ਚ ਨਹੀਂ-ਪੁਲਿਸ ਨੇ ਜਲਾਦਾਂ ਵਾਂਗ ਕੋਹਕੇ ਮਾਰਿਆ ਨਰਿੰਦਰਦੀਪ
ਅਸ਼ੋਕ ਵਰਮਾ
ਬਠਿੰਡਾ , 19 ਸਤੰਬਰ 2026: ਗੋਨਿਆਣਾ ਮੰਡੀ ਨਿਵਾਸੀ ਆਈਲੈਟਸ ਅਧਿਆਪਕ ਨਰਿੰਦਰ ਸਿੰਘ ਦੀ 23 ਮਈ 2025 ਨੂੰ ਮੌਤ ਸੜਕ ਹਾਦਸੇ ਕਾਰਨ ਨਹੀਂ ਬਲਕਿ ਉਸ ਨੂੰ ਗੈਰਕਾਨੂੰਨੀ ਪੁਲਿਸ ਹਿਰਾਸਤ ’ਚ ਤਸੀਹੇ ਦੇਕੇ ਮਾਰਿਆ ਗਿਆ ਹੈ। ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਭਜੋਤ ਭੱਟੀ ਵੱਲੋਂ ਕੀਤੀ ਜੁਡੀਸ਼ੀਅਲ ਜਾਂਚ ਦੀ ਰਿਪੋਰਟ ਵਿੱਚ ਸੀਆਈਏ - 2 ਦੇ 4 ਤੱਤਕਾਲੀ ਪੁਲਿਸ ਮੁਲਾਜਮ ਨਰਿੰਦਰਦੀਪ ਨੂੰ ਨਜਾਇਜ ਹਿਰਾਸਤ ’ਚ ਰੱਖਣ ਅਤੇ ਤਸੀਹੇ ਦੇਣ ਲਈ ਜਿੰਮੇਵਾਰ ਠਹਿਰਾਏ ਗਏ ਹਨ। ਰਿਪੋਰਟ ’ਚ ਸਪਸ਼ਟ ਕੀਤਾ ਗਿਆ ਹੈ ਕਿ ਜੁਬਾਨੀ , ਮੈਡੀਕਲ ਅਤੇ ਦਸਤਾਵੇਜੀ ਸਬੂਤਾਂ ਦੀਆਂ ਪੂਰੀਆਂ ਕੜੀਆਂ ਸੜਕ ਹਾਦਸੇ ’ਚ ਮੌਤ ਦੀ ਕਹਾਣੀ ਨਾਲ ਮੇਲ ਨਹੀਂ ਖਾਂਦੀਆਂ ਹਨ। ਸਭ ਤੋਂ ਮਹੱਤਵਪੂਰਨ ਅਤੇ ਗੰਭੀਰ ਗੱਲ ਇਹ ਹੈ ਕਿ ਸੀਜੇਐਮ ਦੀ 18 ਪੰਨਿਆਂ ਦੀ ਰਿਪੋਰਟ ’ਚ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਗਏ ਹਨ ਜਿੰਨ੍ਹਾਂ ਦੀ ਤਾਇਨਾਤੀ ਉਦੋਂ ਬਠਿੰਡਾ ਵਿੱਚ ਸੀ।
ਇਸ ਹਿਰਾਸਤੀ ਮੌਤ ਸਬੰਧੀ 24 ਮਈ 2025 ਨੂੰ ਜਾਣਕਾਰੀ ਮਿਲਣ ਦੇ ਬਾਵਜੂਦ ਦੋਵਾਂ ਅਧਿਕਾਰੀਆਂ ਨੇ ਫੌਰੀ ਤੌਰ ’ਤੇ ਨਿਰਪੱਖ ਜਾਂਚ ਕਰਵਾਉਣ ਅਤੇ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਦੌਰਾਨ ਲਾਪਰਵਾਹੀ ਵਰਤੀ । ਜੁਡੀਸ਼ੀਅਲ ਜਾਂਚ ਦਾ ਹੁਕਮ 8 ਅਗਸਤ 2025 ਨੂੰ ਦਿੱਤਾ ਗਿਆ ਜਿਸ ਦੀ ਰਿਪੋਰਟ ਮੁਤਾਬਕ ਚਾਰਾਂ ਪੁਲਿਸ ਮੁਲਾਜਮਾਂ ਨੇ ਨਰਿੰਦਰਦੀਪ ਨੂੰ ਤਸੀਹੇ ਦਿੱਤੇ । ਇੰਨ੍ਹਾਂ ’ਚ ਏਐਸਆਈ ਅਵਤਾਰ ਸਿੰਘ ਉਰਫ ਤਾਰੀ, ਹੈਡ ਕਾਂਸਟੇਬਲ ਲਖਵਿੰਦਰ ਸਿੰਘ , ਹੈਡ ਕਾਂਸਟੇਬਲ ਹਰਵਿੰਦਰ ਸਿੰਘ ਅਤੇ ਸੀਨੀਅਰ ਸਿਪਾਹੀ ਗੁਰਪਾਲ ਸਿੰਘ ਸ਼ਾਮਲ ਹਨ। ਨਰਿੰਦਰਦੀਪ ਸਿੰਘ ਦੀ ਮੌਤ ਤੋਂ ਬਾਅਦ ਥਾਣਾ ਕੈਨਾਲ ਕਲੋਨੀ ਵਿਖੇ ਬੀਐਨਐਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕੀਤਾ ਗਿਆ ਜੋ ਗੈਰ-ਇਰਾਦਤਨ ਹੱਤਿਆ ਨਾਲ ਸਬੰਧਤ ਹੈ। ਗਵਾਹਾਂ ਦੇ ਬਿਆਨ ਅਤੇ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਇਸ ਤਰਫ ਇਸ਼ਾਰਾ ਕਰਦੇ ਹਨ ਕਿ ਨਰਿੰਦਰਦੀਪ ਨੂੰ ਪੁਲਿਸ ਨੇ ਨਜਾਇਜ ਹਿਰਾਸਤ ’ਚ ਰੱਖਿਆ ਅਤੇ ਕੁੱਟਮਾਰ ਕੀਤੀ।
ਰਿਪੋਰਟ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਰਿੰਦਰਦੀਪ ਅਤੇ ਉਸ ਦਾ ਦੋਸਤ ਗਗਨਦੀਪ ਫਿਰੋਜਪੁਰ ਤੋਂ ਵਾਪਿਸ ਪਰਤ ਰਹੇ ਸਨ ਤਾਂ ਇਸ ਦੌਰਾਨ ਸੀਆਈਏ ਸਟਾਫ-2 ਦੀ ਟੀਮ ਨੇ ਉਨ੍ਹਾਂ ਨੂੰ ਰੋਕਿਆ ਅਤੇ ਡਰੱਗ ਤਸਕਰਾਂ ਨਾਲ ਜੁੜੇ ਹੋਣ ਦੇ ਸ਼ੱਕ ਵਿੱਚ ਪੁੱਛਗਿਛ ਕੀਤੀ ਸੀ । ਰਿਪੋਰਟ ਮੁਤਾਬਕ ਇਸ ਮੌਕੇ ਨਰਿੰਦਰਦੀਪ ਅਤੇ ਗਗਨਦੀਪ ਕੋਲੋ ਕੋਈ ਨਸ਼ੀਲੀ ਵਸਤੂ ਬਰਾਮਦ ਨਹੀਂ ਹੋਈ ਸੀ। ਇਸ ਤੋਂ ਬਾਅਦ ਵਾਪਰੇ ਘਟਨਾਕ੍ਰਮ ਨੂੰ ਲੈਕੇ ਨਰਿੰਦਰਦੀਪ ਸਿੰਘ ਦੇ ਪ੍ਰੀਵਾਰ ਅਤੇ ਪੁਲਿਸ ਦੇ ਬਿਆਨਾਂ ’ਚ ਫਰਕ ਸਾਹਮਣੇ ਆਇਆ। ਪ੍ਰੀਵਾਰ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਗਗਨਦੀਪ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਵੀਡੀਓ ਮਗਰੋਂ ਮਾਮਲਾ ਲਗਾਤਾਰ ਗੰਭੀਰ ਹੁੰਦਾ ਗਿਆ। ਇਸ ਤੋਂ ਬਾਅਦ ਮਾਮਲੇ ’ਚ ਕੁੱਲ ਛੇ ਜਣਿਆਂ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਜਿੰਨ੍ਹਾਂ ਵਿੱਚ ਸੀਆਈਏ ਸਟਾਫ-2 ਦੇ ਇਹ ਚਾਰੇ ਪੁਲਿਸ ਮੁਲਾਜਮਾਂ ਤੋਂ ਇਲਾਵਾ ਨਰਿੰਦਰਦੀਪ ਦਾ ਦੋਸਤ ਗਗਨਦੀਪ ਅਤੇ ਹੈਪੀ ਲੂਥਰਾ ਸ਼ਾਮਲ ਹਨ।
ਏਮਜ਼ ਬਠਿੰਡਾ ਬੋਰਡ ਦੇ ਤੱਥ
ਰਿਪੋਰਟ ਮੁਤਾਬਕ ਏਮਜ਼ ਬਠਿੰਡਾ ਦੇ ਬੋਰਡ ਨੇ ਮੌਤ ਦਾ ਕਾਰਨ ਓਪੀਏਟਸ ਅਤੇ ਬੈਂਜੋਡਾਇਜ਼ੇਪੀਨ ਵਰਗੇ ਪਦਾਰਥਾਂ ਵਿਚਲੇ ਜਹਿਰੀਲੇਪਣ ਦੇ ਸਾਂਝੇ ਪ੍ਰਭਾਵ ਕਾਰਨ ਸਾਹ ਰੁਕਣਾ ਦੱਸਿਆ ਸੀ। ਜਾਂਚ ਵਿੱਚ ਸਰੀਰ ’ਤੇ ਸੱਟਾਂ, ਗਵਾਹਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ੀ ਸਬੂਤਾਂ ਦੀ ਛਾਣਬੀਣ ਕੀਤੀ ਗਈ ਤਾਂ ਪਤਾ ਲੱਗਾ ਕਿ ਨਰਿੰਦਰਦੀਪ ’ਤੇ ਪੁਲਿਸ ਹਿਰਾਸਤ ਵਿੱਚ ਤਸਤੱਦਦ ਕੀਤਾ ਗਿਆ ਹੈ। ਰਿਪੋਰਟ ਵਿੱਚ ਸੀਆਈਏ-2 ਦੇ ਕਰਮਚਾਰੀਆਂ ਵੱਲੋਂ ਸਿਰ ਅਤੇ ਗੁਪਤ ਅੰਗ ਸਮੇਤ ਸਰੀਰ ਦੇ ਸੰਵੇਦਨਸ਼ੀਲ ਹਿੱਸਿਆਂ ’ਤੇ ਬਿਜਲੀ ਦੇ ਝਟਕੇ ਦੇਣ ਦੀ ਗੱਲ ਵੀ ਦਰਜ ਹੈ ਜਿੰਨ੍ਹਾਂ ਕਰਕੇ ਹੀ ਨਰਿੰਦਰਦੀਪ ਨੇ ਦਮ ਤੋੜ ਦਿੱਤਾ ਸੀ।
ਪ੍ਰੀਵਾਰ ਨੂੰ ਦੱਸਿਆ ਸੜਕ ਹਾਦਸਾ
ਨਰਿੰਦਰਦੀਪ ਸਿੰਘ ਨੂੰ 23 ਮਈ 2025 ਨੂੰ ਸਿਵਲ ਹਸਪਤਾਲ ਬਠਿੰਡਾ ’ਚ ਮ੍ਰਿਤਕ ਹਾਲਤ ’ਚ ਲਿਆਂਦਾ ਗਿਆ ਸੀ। ਸ਼ੁਰੂਆਤ ’ਚ ਉਸ ਦੇ ਦੋਸਤ ਗਗਨਦੀਪ ਸਿੰਘ ਨੇ ਪ੍ਰੀਵਾਰ ਨੂੰ ਦੱਸਿਆ ਕਿ ਨਰਿੰਦਰ ਦੀ ਮੌਤ ਸੜਕ ਹਾਦਸੇ ਕਾਰਨ ਹੋਈ ਹੈ ਜਦੋਂਕਿ ਹਸਪਤਾਲ ’ਚ ਲਾਸ਼ ਦੇਖੀ ਤਾਂ ਸਰੀਰ ਉੱਪਰ ਸੱਟਾਂ ਦੇ ਨਿਸ਼ਾਨਾਂ ਤੋਂ ਪ੍ਰੀਵਾਰ ਨੂੰ ਸ਼ੱਕ ਪੈ ਗਿਆ। ਅਗਲੇ ਦਿਨ ਗਗਨਦੀਪ ਨੇ ਦਾਅਵਾ ਕੀਤਾ ਕਿ ਨਰਿੰਦਰਦੀਪ ਅਤੇ ਉਸ ਨੂੰ ਸੀਆਈਏ -2 ਨੇ ਫੜਿਆ ਅਤੇ ਦੋਵਾਂ ਨਾਲ ਕੁੱਟਮਾਰ ਕੀਤੀ ਸੀ । ਪੁਲਿਸ ਨੇ ਉਸ ’ਤੇ ਦਬਾਅ ਪਾਕੇ ਸੜਕ ਹਾਦਸੇ ਦੀ ਝੂਠੀ ਕਹਾਣੀ ਦੱਸਣ ਨੂੰ ਮਜਬੂਰ ਕੀਤਾ ਸੀ।
ਜਾਣਦੇ ਸਨ ਐਸਐਸਪੀ ਤੇ ਐਸਪੀ
ਰਿਪੋਰਟ ’ਚ ਤੱਤਕਾਲੀ ਐਸਐਸਪੀ ਅਮਨੀਤ ਕੌਂਡਲ ਅਤੇ ਐਸਪੀ ਇਨਵੈਸਟੀਗੇਸ਼ਨ ਜਸਮੀਤ ਸਿੰਘ ਦੀ ਭੂਮਿਕਾ ’ਤੇ ਵੀ ਟਿੱਪਣੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਦੋਵਾਂ ਅਧਿਕਾਰੀਆਂ ਨੂੰ 24 ਮਈ 2025 ਨੂੰ ਹੀ ਇਸ ਬਾਰੇ ਦੀ ਜਾਣਕਾਰੀ ਮਿਲ ਗਈ ਪਰ ਨਾਂ ਤੁਰੰਤ ਕੋਈ ਨਿਰਪੱਖ ਜਾਂਚ ਕਰਵਾਈ ਤੇ ਨਾਂਹੀ ਸਬੰਧਤ ਪੁਲਿਸ ਮੁਲਾਜਮਾਂ ਦੀ ਗ੍ਰਿਫਤਾਰੀ ਅਤੇ ਉੱਚ ਪੱਧਰੀ ਜਾਂ ਮੈਜਿਸਟਰੇਟੀ ਜਾਂਚ ਲਈ ਕੋਈ ਠੋਸ ਕਦਮ ਚੁੱਕੇ ਗਏ। ਰਿਪੋਰਟ ’ਚ ਇਸ ਅਣਗਹਿਲੀ ਨੂੰ ਗੰਭੀਰ ਪ੍ਰਸ਼ਾਸ਼ਨਿਕ ਕੋਤਾਹੀ ਦੱਸਿਆ ਗਿਆ ਹੈ।
ਪ੍ਰੀਵਾਰ ਵੱਲੋਂ 25 ਲੱਖ ਨੂੰ ਠੋਕਰ
ਜਾਂਚ ਦੌਰਾਨ ਸਾਹਮਣੇ ਆਇਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਹੈ। ਮ੍ਰਿਤਕ ਦੀ ਪਤਨੀ ਨੈਨਸੀ ਨੇ ਅਦਾਲਤ ਕੋਲ ਗਵਾਹੀ ਦਿੱਤੀ ਕਿ ਪੁਲਿਸ ਨੇ ਉਨ੍ਹਾਂ ’ਤੇ ਅੰਤਿਮ ਸਸਕਾਰ ਤੁਰੰਤ ਕਰਨ ਲਈ ਦਬਾਅ ਪਾਇਆ ਅਤੇ ਮਾਮਲੇ ਨੂੰ ਰਫਾ ਦਫਾ ਕਰਨ ਲਈ 25 ਲੱਖ ਰੁਪਏ ਨਕਦ , ਸਰਕਾਰੀ ਨੌਕਰੀ ਤੇ ਬੱਚਿਆਂ ਨੂੰ ਮੁਫਤ ਸਿੱਖਿਆ ਤੱਕ ਦੀ ਪੇਸ਼ਕਸ਼ ਕੀਤੀ। ਪ੍ਰੀਵਾਰ ਨੇ ਸੌਦੇਬਾਜੀ ਠੁਕਰਾਕੇ ਏਮਜ਼ ਦੇ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਅਤੇ ਸੰਘਰਸ਼ ਵਜੋਂ ਜੂਨ 2025 ’ਚ ਕਿਸਾਨਾਂ ,ਵਪਾਰੀਆਂ ਅਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਗੋਨਿਆਣਾ ਬੰਦ ਵੀ ਕਰਵਾਇਆ ਸੀ।
- Download Babushahi App
-
-