BIG News ਸਾਬਕਾ ਸਰਪੰਚ ਹੱਤਿਆ ਕਾਂਡ: ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਕੀਤਾ ਸੀ ਕਤਲ
ਅਸ਼ੋਕ ਵਰਮਾ
ਬਠਿੰਡਾ, 06 ਅਕਤੂਬਰ 2026:ਜੱਸੀ ਚੌਕ ਨੇੜੇ ਸ਼ਰਾਬ ਦੇ ਠੇਕੇ ਦੇ ਬਾਹਰ ਐਤਵਾਰ ਸ਼ਾਮ ਪਿੰਡ ਫੂਸ ਮੰਡੀ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਤਾਰਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਵਿੱਚ ਕਤਲ ਦਾ ਕਾਰਨ ਮੁਲਜ਼ਮ ਦੀ ਪਤਨੀ ਅਤੇ ਸਾਬਕਾ ਸਰਪੰਚ ਵਿਚਕਾਰ ਸਬੰਧ ਹੋਣ ਦਾ ਸ਼ੱਕ ਦੱਸਿਆ ਗਿਆ ਹੈ ਜਿਸ ਦੇ ਚਲਦਿਆਂ ਮੁਲਜ਼ਮ ਗੁਰਬਖਸ਼ ਸਿੰਘ ਨੇ ਜਗਤਾਰ ਸਿੰਘ ’ਤੇ ਕੁਹਾੜੀ ਨਾਲ ਹਮਲਾ ਕੀਤਾ ਸੀ। ਹਮਲੇ ਕਾਰਨ ਜਗਤਾਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਐਸਪੀ ਸਿਟੀ ਆਸ਼ਵੰਤ ਸਿੰਘ ਅਤੇ ਥਾਣਾ ਕੈਂਟ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਨਾਕਾਬੰਦੀ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕੀਤੀ ਅਤੇ ਕੁਝ ਹੀ ਘੰਟਿਆਂ ਵਿੱਚ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਪੁਲਿਸ ਮੁਤਾਬਕ ਪਿੰਡ ਫੂਸ ਮੰਡੀ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਐਤਵਾਰ ਸ਼ਾਮ ਜੱਸੀ ਪੌ ਵਾਲੀ ਸਥਿਤ ਜੱਸੀ ਚੌਕ ਮਾਰਕੀਟ ਦੇ ਸ਼ਰਾਬ ਠੇਕੇ ’ਤੇ ਪਹੁੰਚੇ ਸਨ। ਇਸ ਦੌਰਾਨ ਮੁਲਜ਼ਮ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਉੱਥੇ ਪਹੁੰਚਿਆ ਅਤੇ ਪਿੱਛੋਂ ਕੁਹਾੜੀ ਨਾਲ ਉਨ੍ਹਾਂ ਦੀ ਗਰਦਨ ’ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ।
- Download Babushahi App
-
-