350 ਸਾਲਾ ਸ਼ਹੀਦੀ ਸਮਾਗਮ : -ਖਰਾਬ ਮੌਸਮ ਦੇ ਬਾਵਜੂਦ ਸੰਗਤਾਂ ਦਾ ਰਿਹਾ ਭਾਰੀ ਇਕੱਠ
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਆ ਪਰ ਸਿਰਰੁ ਨ ਦੀਆ॥
ਭਾਈ ਸਰਬਜੀਤ ਸਿੰਘ ਧੂੰਦਾ ਨੇ ਪਹਿਲਾ ਦੀਵਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਸਜਾਇਆ
-ਖਰਾਬ ਮੌਸਮ ਦੇ ਬਾਵਜੂਦ ਸੰਗਤਾਂ ਦਾ ਰਿਹਾ ਭਾਰੀ ਇਕੱਠ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 13 ਸਤੰਬਰ 2025- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਕੁੱਲ ਦਨੀਆ ਦੇ ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੀ ਸ਼ਹੀਦੀ ਤੋਂ ਇਕ ਦਿਨ ਪਹਿਲਾਂ ਤਿੰਨ ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੂੰ ਵੀ ਉਨ੍ਹਾਂ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਕਿ ਗੁਰੂ ਸਾਹਿਬ ਡੋਲ ਜਾਣ। ਇਸ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਇਤਿਹਾਸ ਨਾਲ ਸਾਂਝ ਪਾਉਣ ਵਾਸਤੇ ‘ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ’ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਰੱਖੇ ਗਏ ਹਨ। ਇਨ੍ਹਾਂ ਸਮਾਗਮਾਂ ਵਿਚ ਧਰਮ-ਇਤਿਹਾਸ ਦੇ ਨਾਲ ਜੋੜਨ ਦੇ ਲਈ ਭਾਈ ਸਰਬਜੀਤ ਸਿੰਘ ਧੂੰਦਾ ਨੇ ਅੱਜ ਨਿਊਜ਼ੀਲੈਂਡ ਪਹੁੰਚ ਕੇ ਪਹਿਲਾ ਸ਼ਾਮ ਦਾ ਦੀਵਾਨ ਸਜਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਨੂੰ ਕੇਂਦਰ ਬਿੰਦੂ ਦੇ ਵਿਚ ਰੱਖਦਿਆਂ ਉਨ੍ਹੰਾਂ ਜਿੱਥੇ ਇਤਿਹਾਸਕ ਤੱਥਾਂ, ਗੁਰੂ ਸਾਹਿਬਾਂ ਦੀ 10 ਸਾਲਾਂ ਵਿਚ ਹੋਈਆਂ ਤਿੰਨ ਗਿ੍ਰਫਤਾਰੀਆਂ, ਮੌਕੇ ਦੀ ਹਕੂਮਤ ਦੇ ਨਾਲ ਵਿਚਾਰ ਰੱਖਣ ਦੀ ਦਲੇਰੀ, ਆਪਣੇ ਪਰਿਵਾਰ ਤੋਂ ਦੂਰ ਰਹਿ ਮਨੁੱਖਤਾ ਦੀ ਸੇਵਾ ਸਮੇਤ ਬਹੁਤ ਸਾਰੇ ਹਲੂਣਾ ਦਿੰਦੇ ਵਿਸ਼ਿਆਂ ਨੂੰ ਛੂਹਿਆ । ਬਜ਼ੁਰਗਾਂ ਦਾ ਮਾਨ-ਸਨਮਾਨ, ਬੱਚਿਆਂ ਦੇ ਨਾਂਅ ਸਿੱਖੀ ਦੀ ਝਲਕ ਵਾਲੇ ਅਤੇ ਇਸ ਜਨਮ ਨੂੰ ਚੰਗੇ ਪਾਸੇ ਲਾਉਣ ਦਾ ਸਾਰਥਿਕ ਸੁਨੇਹਾ ਛੱਡਦਿਆਂ ਉਨ੍ਹਾਂ ਸਮੁੱਚੀ ਸੰਗਤ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਉਨ੍ਹਾਂ ਦਾ ਸਵਾਗਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੇ ਸ. ਹਰਭਜਨ ਦਾਸ ਭੂੰਡਪਾਲ, ਸ. ਗੁਰਿੰਦਰ ਸਿੰਘ ਸ਼ਾਦੀਪੁਰ, ਭਾਈ ਗੁਰਵਿੰਦਰ ਸਿੰਘ ਦਦੇਹਰ, ਸ. ਦਲਜੀਤ ਸਿੰਘ ਨਾਗਰਾ, ਸ. ਰਵਿੰਦਰ ਸਿੰਘ, ਸ. ਹਰਪ੍ਰੀਤ ਸਿੰਘ ਬੜਵਾ, ਸ. ਸੁਖਦੇਵ ਸਿੰਘ ਬੈਂਸ, ਪਰਮਿੰਦਰ ਸਿੰਘ ਪਿੰਦੀ, ਲਾਡੀ ਸਿੰਘ, ਦਲਜੀਤ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਦਿੱਲੀ ਅਤੇ ਹੋਰ ਕਈ ਮੈਂਬਰਾਂ ਵੱਲੋਂ ਕੀਤਾ ਗਿਆ। ਕੱਲ੍ਹ ਦੂਜਾ ਦੀਵਾਨ 14 ਐਤਵਾਰ ਨੂੰ ਦਿਨ ਦਾ ਹੋਵੇਗਾ 11 ਤੋਂ 1 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਸੋਮਵਾਰ ਤੋਂ ਸ਼ੁੱਕਰਵਾਰ 19 ਸਤੰਬਰ ਤੱਕ ਸ਼ਾਮ 6.30 ਵਜੇ ਤੋਂ 8 ਵਜੇ ਤੱਕ ਹੋਇਆ ਕਰਨਗੇ। ਸਮੂਹ ਸੰਗਤ ਨੂੰ ਇਨ੍ਹਾਂ ਸਮਾਗਮਾਂ ਦੇ ਵਿਚ ਸ਼ਿਰਕਤ ਕਰਨ ਅਤੇ ਸੇਵਾ ਕਰਨ ਦੀ ਅਪੀਲ ਕੀਤੀ ਗਈ ਹੈ।