ਜ਼ਿਲ੍ਹੇ ਵਿੱਚ ਪ੍ਰੀਗਾਬਾਲਿਨ 75 ਐਮਜੀ ਤੋਂ ਵੱਧ ਮਾਤਰਾ ਦੇ ਕੈਪਸੂਲ/ਟੇਬਲੇਟਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ
ਫਾਜ਼ਿਲਕਾ 10 ਜੁਲਾਈ
ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 (ਪੁਰਾਣੀ ਸੀਆਰਪੀਸੀ 1973, ਧਾਰਾ 144) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਜ਼ਿਲ੍ਹੇ ਵਿੱਚ ਪ੍ਰੀਗਾਬਾਲਿਨ 75 ਐਮਜੀ ਤੋਂ ਵੱਧ ਮਾਤਰਾ ਦੇ ਕੈਪਸੂਲ/ਟੇਬਲੇਟਸ ਦੀ ਵਿਕਰੀ ਤੇ ਸਟਾਕ ਕਰਨ 'ਤੇ ਮੁਕੰਮਲ ਤੌਰ ਪਾਬੰਦੀ ਲਗਾਈ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰਿਸਕ੍ਰਿਪਸ਼ਨ ਸਲਿੱਪ 'ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਕੈਮਿਸਟ ਦੀ ਫਰਮ ਦਾ ਨਾਮ, ਦਵਾਈ ਦੇਣ ਦੀ ਮਿਤੀ ਅਤੇ ਟੇਬਲੇਟਸ ਦੀ ਗਿਣਤੀ ਦਰਜ ਕੀਤੀ ਜਾਵੇਗੀ। ਇਹ ਪਾਬੰਦੀ 31 ਅਗਸਤ 2026 ਤੱਕ ਲਾਗੂ ਰਹੇਗੀ ।
ਇਹ ਹੁਕਮ ਸਿਵਲ ਸਰਜਨ ਫਾਜ਼ਿਲਕਾ ਦੇ ਪੱਤਰ ਉੱਤੇ ਕੀਤੀ ਗਈ ਕਾਰਵਾਈ ਸਬੰਧੀ ਜਾਰੀ ਕੀਤਾ ਗਿਆ ਹੈ। ਸਿਵਲ ਸਰਜਨ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਕੈਪਸੂਲ ਦਾ ਆਮ ਲੋਕਾਂ ਵੱਲੋਂ ਮੈਡੀਕਲ ਨਸ਼ੇ ਵਜੋਂ ਸੇਵਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕੈਪਸੂਲ ਦੀ ਵਿਕਰੀ 'ਤੇ ਉਕਤ ਧਾਰਾ ਤਹਿਤ ਮੁਕੰਮਲ ਤੌਰ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ।
ਜਾਰੀ ਹੁਕਮ ਅਨੁਸਾਰ ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਪ੍ਰੀਗਾਬਾਲਿਨ 75 ਐਮਜੀ ਦੀ ਅਸਲ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਪ੍ਰੀਗਾਬਾਲਿਨ (75 ਮਿਲੀਗ੍ਰਾਮ ਤੱਕ) ਦੀ ਖਰੀਦ ਅਤੇ ਵਿਕਰੀ ਦਾ ਸਹੀ ਰਿਕਾਰਡ ਰੱਖਣ ਤੋਂ ਇਲਾਵਾ, ਉਹ ਇਨ੍ਹਾਂ ਵੇਰਵਿਆਂ ਕੈਮਿਸਟ/ਰਿਟੇਲਰ ਦਾ ਵਪਾਰਕ ਨਾਮ, ਵੰਡਣ ਦੀ ਮਿਤੀ, ਵੰਡੀਆਂ ਗਈਆਂ ਗੋਲੀਆਂ ਦੀ ਸੰਖਿਆ ਵਾਲੀ ਅਸਲ ਪਰਚੀ 'ਤੇ ਮੋਹਰ ਵੀ ਲਗਾਉਣਾ ਯਕੀਨੀ ਬਣਾਉਣਗੇ।
ਹੁਕਮ ਅਨੁਸਾਰ ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਵਾਲੇ ਸਲਿੱਪ ਦੀ ਸਹੀ ਪੜਤਾਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਪ੍ਰੀਗਾਬਾਲਿਨ ਕੈਪਸੂਲ/ਟੈਬਲੇਟ ਦੀ ਅਸਲ ਸਲਿੱਪ ਦੇ ਵਿਰੁੱਧ ਪਹਿਲਾਂ ਕਿਸੇ ਹੋਰ ਡਰੱਗ ਵਿਕਰੇਤਾ ਦੁਆਰਾ ਉਪਰੋਕਤ ਕੈਪਸੂਲ ਨਹੀਂ ਦਿੱਤਾ ਗਿਆ ਹੈ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਦਿੱਤੀਆਂ ਜਾ ਰਹੀਆਂ ਗੋਲੀਆਂ/ਕੈਪਸੂਲ ਦੀ ਗਿਣਤੀ ਸਲਿੱਪ ਤੇ ਲਿਖੇ ਮਿਆਦ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆ।
ਹੁਕਮ ਦੀ ਕਿਸੇ ਵੀ ਉਲੰਘਣਾ 'ਤੇ ਭਾਰਤੀ ਦੰਡਾਵਲੀ ਦੀ ਧਾਰਾ 188 ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਇਸੀ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤ 2023 ਦੀ ਧਾਰਾ 163 (ਪੁਰਾਣੀ ਸੀਆਰਪੀਸੀ 1973 ਦੀ ਧਾਰਾ 144) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਕੋਈ ਵੀ ਮਕਾਨ ਮਾਲਕ ਕਿਰਾਏਦਾਰ ਅਤੇ ਘਰੇਲੂ ਨੌਕਰ ਰੱਖਣ ਵਾਲਿਆਂ ਦਾ ਪੂਰਾ ਪਤਾ ਅਤੇ ਸ਼ਨਾਖਤੀ ਸਬੂਤ ਰੱਖਣਾ ਲਾਜ਼ਮੀ ਹੈ। ਉਨ੍ਹਾਂ ਬਿਨਾਂ ਪੂਰਾ ਪਤਾ ਅਤੇ ਸ਼ਨਾਖਤੀ ਸਬੂਤ ਦੇ ਕਿਸੇ ਵੀ ਵਿਅਕਤੀ ਨੂੰ ਕੰਮ ਉੱਪਰ/ਕਿਰਾਏਦਾਰ ਰੱਖਣ ਤੇ ਪੂਰਨ ਪਾਬੰਦੀ ਲਗਾਈ ਹੈ।ਇਹ ਹੁਕਮ ਮਿਤੀ 31 ਅਗਸਤ 2026 ਤੱਕ ਲਾਗੂ ਰਹੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਮਜਦੂਰਾਂ ਨੂੰ ਲੇਬਰ ਵਜੋਂ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਲੋਕ ਬਾਹਰਲੇ ਸੂਬਿਆਂ ਤੋਂ ਆ ਕੇ ਵੱਖ-ਵੱਖ ਏਰੀਏ ਵਿੱਚ ਕਿਰਾਏ ਦੇ ਮਾਕਨਾਂ ਵਿੱਚ ਰਹਿਣ ਲੱਗ ਜਾਂਦੇ ਹਨ। ਅਜਿਹੀ ਲੇਬਰ ਅਤੇ ਕਿਰਾਏਦਾਰਾਂ ਦਾ ਕੋਈ ਸਥਾਈ ਪਤਾ/ਰਿਕਾਰਡ ਨਹੀਂ ਰੱਖਿਆ ਜਾਂਦਾ, ਜਿਸ ਨਾਲ ਜੁਰਮ ਹੋਣ ਤੇ ਦੋਸ਼ੀਆਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਕਿਰਾਏਦਾਰਾਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ ਅਤੇ ਉਨ੍ਹਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਦੇ ਐਡਰੈੱਸ ਰੱਖਣ ਅਤੇ ਨੌਕਰ ਦੀ ਤਨਖਾਹ ਵਿੱਚੋਂ 100/200 ਰੁਪਏ ਦਾ ਮਨੀਆਰਡਰ ਉਸਦੇ ਨਜਦੀਕੀ ਰਿਸ਼ਤੇਦਾਰ ਦੇ ਐਡਰੈੱਸ ਤੇ ਭੇਜਣ ਮਨੀ ਆਰਡਰ ਪਹੁੰਚਣ ਉਪਰੰਤ ਰਸੀਦ ਦੀ ਫੋਟੋ ਕਾਪੀ ਨੂੰ ਆਪਣੇ ਕਬਜੇ ਵਿੱਚ ਰੱਖਣ। ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਵੀ ਦਰਜ ਕਰਵਾਉਣ। ਇਸੇ ਪ੍ਰਕਾਰ ਮਕਾਨ ਮਾਲਕ ਆਪਣੇ ਮਕਾਨ ਵਿੱਚ ਰੱਖੇ ਜਾਣ ਵਾਲੇ ਕਿਰਾਏਦਾਰਾਂ ਦਾ ਪੂਰਾ ਵੇਰਵਾ ਸਬੰਧਿਤ ਥਾਣੇ/ਪੁਲਿਸ ਚੌਂਕੀ ਵਿੱਚ ਦਰਜ ਕਰਵਾਉਣ।
- Download Babushahi App
-
-