ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ; ਮਨਪ੍ਰੀਤ ਇਆਲੀ ਦੇ ਸਮਰਥਕਾਂ ਦੀ ਜਿੱਤ ਦਾ 'ਅੰਮ੍ਰਿਤਪਾਲ ਕਨੈਕਸ਼ਨ'! ਪੋਸਟਰਾਂ 'ਤੇ ਤਸਵੀਰਾਂ ਤੋਂ ਬਾਅਦ ਹੁਣ ਪੰਥਕ ਏਕਤਾ ਦਾ ਦਿੱਤਾ ਨਾਅਰਾ
ਲੁਧਿਆਣਾ, 21 ਦਸੰਬਰ 2025- ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਇਆਲੀ ਨੇ ਇਸ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਵਾਲੇ ਪੋਸਟਰਾਂ ਦੀ ਵਰਤੋਂ ਕੀਤੀ ਸੀ। ਹੁਣ ਜਿੱਤ ਤੋਂ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਥਕ ਹਿੱਤਾਂ ਅਤੇ ਏਕਤਾ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣਗੇ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਮੁਤਾਬਕ, ਮਨਪ੍ਰੀਤ ਇਆਲੀ ਦੇ ਚੋਣ ਪ੍ਰਚਾਰ ਦੌਰਾਨ ਕਈ ਅਜਿਹੇ ਪੋਸਟਰ ਦੇਖੇ ਗਏ ਸਨ ਜਿੱਥੇ 'ਵਾਰਿਸ ਪੰਜਾਬ ਦੇ' ਮੁਖੀ ਅਤੇ ਮੌਜੂਦਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲਗਾਈ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਆਲੀ ਨੇ ਪੰਥਕ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਇਹ ਰਣਨੀਤੀ ਅਪਣਾਈ ਸੀ, ਜਿਸਦਾ ਫਾਇਦਾ ਉਨ੍ਹਾਂ ਨੂੰ ਚੋਣ ਨਤੀਜਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ ਵਿੱਚ ਇਆਲੀ ਦੇ ਸਮਰਥਕਾਂ ਨੇ ਕਈ ਸੀਟਾਂ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਪਰ ਹੁਣ ਜਿਹੜੀ ਉਸਨੇ ਪੰਥਕ ਏਕਤਾ ਦੀ ਗੱਲਬਾਤ ਕੀਤੀ ਹੈ, ਉਸ ਤੋਂ ਇਹ ਲੱਗਦਾ ਹੈ ਕਿ ਅੰਮ੍ਰਿਤਪਾਲ ਦੀ ਪਾਰਟੀ ਨੂੰ ਵੀ ਉਹ ਸ਼ਾਮਲ ਕਰਨਾ ਚਾਹੁੰਦੇ ਹਨ।
"ਪੰਥਕ ਏਕਤਾ ਲਈ ਰਹਾਂਗਾ ਯਤਨਸ਼ੀਲ"- ਮਨਪ੍ਰੀਤ ਸਿੰਘ ਇਆਲੀ
ਚੋਣ ਜਿੱਤਣ ਤੋਂ ਬਾਅਦ ਇਆਲੀ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ, ਪੁਨਰ ਸੁਰਜੀਤ ਅਕਾਲੀ ਦਲ ਦੇ ਕਿਸੇ ਵੀ ਆਗੂ ਨਾਲ ਮੇਰਾ ਕੋਈ ਵੀ ਮੱਤਭੇਦ ਨਹੀਂ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਜਿੱਤ ਤੋਂ ਬਾਅਦ ਦਿੱਤੇ ਬਿਆਨ ਦਾ ਮਤਲਬ ਇਹ ਸੀ ਕਿ ਅਜੇ ਤੱਕ ਪੁਨਰ ਸੁਰਜੀਤ ਅਕਾਲੀ ਦਲ ਪਾਰਟੀ ਦੀ ਕਿਸੇ ਵੀ ਗਤੀਵਿਧੀ ਵਿੱਚ ਫਿਲਹਾਲ ਐਕਟੀਵਿਟੀ ਹਿੱਸਾ ਨਹੀਂ ਲਿਆ, ਪਰੰਤੂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਭਾਵਨਾ ਅਨੁਸਾਰ ਭਰਤੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਪੰਥਕ ਏਕਤਾ ਲਈ ਯਤਨਸ਼ੀਲ ਸੀ ਤੇ ਰਹਾਂਗਾ।