ਹੜ੍ਹਾਂ ਕਾਰਨ ਪੰਜਾਬ ਵਿੱਚ 4658 ਕਿਲੋਮੀਟਰ ਸੜਕਾਂ ਅਤੇ 68 ਪੁੱਲਾਂ ਦਾ ਹੋਇਆ ਨੁਕਸਾਨ: ਹਰਭਜਨ ਸਿੰਘ ਈ.ਟੀ.ਓ.
ਸੜਕਾਂ ਅਤੇ ਪੁਲਾਂ ਦੀ ਮੁੜ ਉਸਾਰੀ ਲਈ 1969.50 ਕਰੋੜ ਰੁਪਏ ਦੀ ਲੋੜ
ਚੰਡੀਗੜ੍ਹ, 17 ਸਤੰਬਰ:
ਪੰਜਾਬ ਵਿੱਚ ਬੀਤੇ ਦਿਨੀਂ ਆਏ ਭਾਰੀ ਹੜ੍ਹਾਂ ਕਾਰਨ ਸੂਬੇ ਦੀਆਂ 4658 ਕਿਲੋਮੀਟਰ ਸੜਕਾਂ ਅਤੇ 68 ਪੁੱਲਾਂ ਦਾ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨਾਲ ਹੋਏ ਨੁਕਸਾਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਦਿੱਤੀ।
ਉਹਨਾਂ ਦੱਸਿਆ ਕਿ ਸੂਬੇ ਦੀਆਂ ਪਲਾਨ ਰੋਡਸ ਅਧੀਨ ਆਉਂਦੇ 19 ਪੁਲਾਂ ਅਤੇ 1592.76 ਕਿਲੋਮੀਟਰ ਮਾਰਗ ਦਾ ਨੁਕਸਾਨ ਹੋਇਆ ਹੈ, ਇਸ ਤੋਂ ਇਲਾਵਾ ਆਰ ਵਾਲ ਅਤੇ ਬੀ ਵਾਲ 4014.11 ਮੀਟਰ ਅਤੇ 92 ਕਲਵਰਟਾਂ ਨੂੰ ਨੁਕਸਾਨ ਪਹੁੰਚਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੌਮੀ ਮਾਰਗ ਅਧੀਨ ਆਉਂਦੇ 4 ਪੁਲਾਂ ਅਤੇ 49.69 ਕਿਲੋਮੀਟਰ ਸੜਕਾਂ ਦਾ ਨੁਕਸਾਨ ਹੋਇਆ ਹੈ, ਇਸ ਤੋਂ ਇਲਾਵਾ ਆਰ ਵਾਲ ਅਤੇ ਬੀ ਵਾਲ 2559.5 ਮੀਟਰ ਅਤੇ 14 ਕਲਵਰਟਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸੇ ਤਰ੍ਹਾਂ ਲਿੰਕ ਮਾਰਗ ਅਧੀਨ ਆਉਂਦੇ 45 ਪੁਲਾਂ ਅਤੇ 2357.84 ਕਿਲੋਮੀਟਰ ਮਾਰਗ ਦਾ ਨੁਕਸਾਨ ਹੋਇਆ ਹੈ, ਇਸ ਤੋਂ ਇਲਾਵਾ ਆਰ ਵਾਲ ਅਤੇ ਬੀ ਵਾਲ 3282 ਮੀਟਰ ਅਤੇ 376 ਕਲਵਰਟਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ 657.54 ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀਆਂ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ।
ਉਹਨਾਂ ਦੱਸਿਆ ਕਿ ਨੁਕਸਾਨੇ ਗਏ ਪੁਲਾਂ, ਸੜਕਾਂ, ਆਰ ਵਾਲ, ਬੀ ਵਾਲ ਅਤੇ ਕਲਵਟਾਂ ਦੀ ਮੁਰੰਮਤ ‘ਤੇ 1969.50 ਕਰੋੜ ਰੁਪਏ ਖਰਚ ਆਉਣਗੇ।
ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਸੂਬੇ ਦੀਆਂ ਵੱਖ-ਵੱਖ ਸੜਕਾਂ ਦੀ ਦਸ਼ਾ ਨੂੰ ਤੁਰੰਤ ਸੁਧਾਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਜਿਹੜੇ ਪ੍ਰੋਜੈਕਟ ਨੇਪਰੇ ਨਹੀਂ ਚੜ੍ਹੇ, ਉਹਨਾਂ ਦਾ ਕਾਰਜ ਤੇਜ਼ੀ ਨਾਲ ਮੁਕੰਮਲ ਕਰਵਾਉਣ ਲਈ ਵੀ ਹਦਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਲੋਕ ਨਿਰਮਾਣ ਮੰਤਰੀ ਵੱਲੋਂ ਅੰਮ੍ਰਿਤਸਰ, ਜੰਡਿਆਲਾ ਸੈਕਸ਼ਨ ‘ਤੇ ਪੈਂਦੇ ਮੱਲੀਆ, ਟਾਂਗਰਾ ਅਤੇ ਦਬੁਰਜੀ ਉਸਾਰੇ ਜਾਣ ਵਾਲੇ ਫਲਾਈਓਵਰ ਦੇ ਨਾਲ ਸਰਵਿਸ ਰੋਡ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਨਾਲ ਵਾਪਰ ਰਹੇ ਹਾਦਸਿਆਂ ਦਾ ਜ਼ਿਕਰ ਕਰਦਿਆਂ ਇਸ ਕਾਰਜ ਸਬੰਧੀ ਜਾਣਕਾਰੀ ਲਈ ਅਤੇ ਇਸ ਨੂੰ ਛੇਤੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਸ. ਹਰਭਜਨ ਸਿੰਘ ਈ.ਟੀ.ਓ. ਨੇ ਇਸ ਮੌਕੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਖਰੜ ਫਲਾਈਓਵਰ ਦੇ ਥੱਲੇ ਲੱਗਣ ਵਾਲੇ ਜਾਮ ਨੂੰ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ।
ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2800 ਪਿੰਡਾਂ ਵਿੱਚ ਕਰਵਾਏ ਜਾ ਰਹੇ ਐਪ ਅਧਾਰਤ ਸਰਵੇ ਬਾਰੇ ਵੀ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਸਪੈਸ਼ਲ ਸੈਕਟਰੀ ਪੀ ਡਬਲਯੂ ਡੀ ਬੀ ਐਂਡ ਆਰ ਸ੍ਰੀਮਤੀ ਹਰਗੁਣ ਜੀਤ ਕੌਰ, ਚੀਫ਼ ਇੰਜੀਨੀਅਰ ਗਗਨਦੀਪ ਸਿੰਘ, ਚੀਫ਼ ਇੰਜੀਨੀਅਰ ਵਿਜੈ ਕੁਮਾਰ ਚੋਪੜਾ, ਚੀਫ਼ ਇੰਜੀਨੀਅਰ ਰਮਤੇਸ਼ ਬੈਂਸ, ਚੀਫ਼ ਇੰਜੀਨੀਅਰ ਅਨਿਲ ਗੁਪਤਾ, ਐਨ.ਐਚ.ਏ.ਆਈ. ਤੋਂ ਰੀਜਨਲ ਆਫਿਸਰ ਰਾਕੇਸ਼ ਕੁਮਾਰ ਅਤੇ ਸ੍ਰੀ ਅਸੀਮ ਬਾਂਸਲ ਪ੍ਰੋਜੈਕਟ ਡਾਇਰੈਕਟਰ ਹਾਜ਼ਰ ਸਨ।