ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਪਰ ਜੁੱਤੀ ਸੁੱਟਣ ਦੇ ਮਾਮਲੇ ਵਿੱਚ ਕਾਂਗਰਸ ਨੇ ਸਾੜਿਆ ਪੁਤਲਾ
ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2025 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤਹਿਤ ਬਠਿੰਡਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਚੀਫ ਜਸਟਿਸ ਬੀ ਆਰ ਗਵਈ ਉੱਪਰ ਜੁੱਤੀ ਸੁੱਟਣ ਦੇ ਮਾਮਲੇ ਵਿੱਚ ਭਾਜਪਾ ਅਤੇ ਆਰਐਸਐਸ ਦੀਆਂ ਦਲਿਤ ਵਿਰੋਧੀ ਨੀਤੀਆਂ ਖਿਲਾਫ ਪੁਤਲਾ ਸਾੜ ਕੇ ਆਪਣਾ ਰੋਸ ਜਤਾਇਆ। ਇਸ ਮੌਕੇ ਐਸਸੀ ਵਿੰਗ ਦਿਹਾਤੀ ਦੇ ਚੇਅਰਮੈਨ ਸਰਦੂਲ ਸਿੰਘ ਅਤੇ ਸ਼ਹਿਰੀ ਦੇ ਚੇਅਰਮੈਨ ਸੁਨੀਲ ਕੁਮਾਰ ਵੀ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਵਿਅਕਤੀ ਉੱਤੇ ਹਮਲਾ ਨਹੀਂ ਸੀ, ਇਹ ਉਸ ਸੰਸਥਾ ਤੇ ਨਿਆਂ ਪ੍ਰਣਾਲੀ ਤੇ ਇੱਕ ਪ੍ਰਤੀਕਾਤਮਕ ਚੋਟ ਸੀ ਜਿਸ ਵਿੱਚ ਅਸੀਂ ਆਪਣੀ ਅੰਤਮ ਆਸ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਅਤੇ ਸੰਵਿਧਾਨ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਉਸ ਵਿਅਕਤੀ ਉੱਤੇ ਹੋਇਆ ਹੈ ਜੋ ਆਪ ਇਕ ਦਲਿਤ ਪਿਛੋਕੜ ਤੋਂ ਆ ਕੇ ਦੇਸ਼ ਦੀ ਸਭ ਤੋਂ ਉੱਚੀ ਨਿਆਂ ਕੁਰਸੀ ਤੱਕ ਪਹੁੰਚਿਆ ਹੈ। ਆਗੂਆਂ ਨੇ ਇਸ ਨੂੰ ਦਲਿਤ ਸਮਾਜ ਦਾ ਅਪਮਾਨ ਕਰਾਰ ਦਿੱਤਾ।
ਜਿਲਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਇਹ ਇੱਕ ਸ਼ਰਮਨਾਕ ਘਟਨਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਕਿੰਨੀ ਕੱਟੜਤਾ ਫੈਲਾਈ ਜਾ ਚੁੱਕੀ ਹੈ ਅਤੇ ਫੈਲ ਰਹੀ ਹੈ। ਉਹਨਾਂ ਕਿਹਾ ਕਿ ਇਹ ਅਦਾਲਤੀ ਨਿਆ ਪ੍ਰਕਿਰਿਆ ਅਤੇ ਸੰਵਿਧਾਨਿਕ ਮਾਣ ਮਰਿਆਦਾ ਤੇ ਗੰਭੀਰ ਹਮਲਾ ਹੈ ਜਿਸ ਦੀ ਸਾਰਿਆਂ ਵੱਲੋਂ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਚੀਫ ਜਸਟਿਸ ਦੇ ਨਾਲ ਖੜ੍ਹੀ ਹੈ ਅਤੇ ਉਹਨਾਂ ਦਾ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ।ਇਸ ਮੌਕੇ ਜਿਲ੍ਹਾ ਕਾਂਗਰਸ ਦੇ ਸੀਨੀਅਰ ਨੇਤਾ ਟਹਿਲ ਸਿੰਘ ਸੰਧੂ, ਕਿਰਨ ਜਿੱਤ ਸਿੰਘ ਗਹਿਰੀ, ਮਾਧੋ ਸ਼ਰਮਾ ਬਲਾਕ ਪ੍ਰਧਾਨ , ਅਸ਼ੋਕ ਪ੍ਰਧਾਨ, ਸਿਮਰਤ ਕੌਰ ਧਾਰੀਵਾਲ, ਜੋਗਿੰਦਰ ਸਿੰਘ ਇੰਟਕ ਪ੍ਰਧਾਨ, ਬਲਵਿੰਦਰ ਬੰਗੀ , ਹਰਮਨ ਕੋਟ ਫੱਤਾ ਅਤੇ ਰੁਪਿੰਦਰ ਬਿੰਦਰਾ ਆਦਿ ਆਗੂ ਹਾਜ਼ਰ ਸਨ।