ਸੁਨੀਲ ਜਾਖੜ ਨੇ ਵਿਗੜਦੀ ਕਾਨੂੰਨ ਵਿਵਸਥਾ ਤੇ ਨਸ਼ਾ ਤਸਕਰਾਂ ਤੇ ਗੈਂਗਸੈਟਰਾਂ ਦੀ ਪੁਸਤਪਨਾਹੀ ਲਈ ਮਾਨ ਸਰਕਾਰ ਨੂੰ ਘੇਰਿਆ
ਕਿਹਾ, ਸਰਕਾਰ ਲੋਕਾਂ ਦੇ ਮਨੁੱਖੀ ਹੱਕਾਂ ਦਾ ਵੀ ਘਾਣ ਕਰਨ ਤੇ ਉੱਤਰੀ, ਕੋਈ ਸੁਰੱਖਿਅਤ ਨਹੀਂ
ਚੰਡੀਗੜ੍ਹ, 2 ਅਕਤੂਬਰ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਦੀ ਲਗਾਤਾਰ ਨਿਘਰਦੀ ਕਾਨੂੰਨ ਵਿਵਸਥਾ ਤੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸਤਪਨਾਹੀ ਲਈ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵੱਖ ਵੱਖ ਘਟਨਾਵਾਂ ਦਾ ਜਿਕਰ ਕਰਦਿਆਂ ਕਿਹਾ ਹੈ ਕਿ ਆਪ ਸਰਕਾਰ ਨੂੰ ਆਮ ਲੋਕਾਂ ਦੇ ਜੀਵਨ, ਉਨ੍ਹਾਂ ਦੇ ਮਨੁੱਖੀ ਅਧਿਕਾਰ ਅਤੇ ਰਾਜ ਦੇ ਅਮਨ ਅਮਾਨ ਦੀ ਕੋਈ ਚਿੰਤਾ ਨਹੀਂ ਹੈ ਅਤੇ ਇਹ ਆਪਣੀ ਮਸ਼ਹੂਰੀ ਵਾਲੇ ਬੋਰਡਾਂ ਵਿਚੋਂ ਹੀ ਰੰਗਲੇ ਪੰਜਾਬ ਦੀ ਝਲਕ ਵੇਖ ਕੇ ਮਦਹੋਸ਼ ਹੈ, ਜਦ ਕਿ ਪੰਜਾਬ ਦੀ ਅਸਲ ਤਸਵੀਰ ਇਸਤੋਂ ਪੂਰੀ ਤਰਾਂ ਨਾਲ ਭਿੰਨ ਹੈ।
ਇਸ ਸਬੰਧੀ ਸ਼ੋਸਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ ਜਾਪਦਾ ਨਹੀਂ ਕਿ ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ' ਚੱਲ ਰਿਹਾ ਹੋਵੇ, ਸਗੋਂ ਇਹ ਤਾਂ 'ਯੁੱਧ ਪੰਜਾਬ ਵਿਰੁੱਧ' ਚੱਲ ਰਿਹਾ ਹੈ।
ਇਸ ਨੂੰ ਸਮਝਣ ਲਈ ਘਟਨਾਵਾਂ ਦੀ ਲੜੀ ਵੇਖੋ: 2 ਸਤੰਬਰ ਨੂੰ ਹਲਕਾ ਸੁਨਾਮ ਦੇ ਪਿੰਡ ਸ਼ੇਰੌ ਦੇ ਮੋਹਨਜੀਤ ਤੇ ਨਸ਼ੇ ਖਿਲਾਫ ਵਿਰੋਧ ਕਰਨ ਤੇ ਅਣਮਨੁੱਖੀ ਪੁਲਸੀਆ ਤਸੱਦਦ। 7 ਸਤੰਬਰ ਨੂੰ ਸੰਗਰੂਰ ਵਿਚ ਨਸ਼ੇ ਖਿਲਾਫ ਅਵਾਜ ਉਠਾਉਣ ਵਾਲਾ ਪਿੰਡ ਤੂਰ ਵਣਜਾਰਾ ਦਾ ਐਸਸੀ ਗੁਲਜਾਰ ਸਿੰਘ ਆਤਮ ਹੱਤਿਆ ਲਈ ਮਜਬੂਰ।26 ਸਤੰਬਰ ਨੂੰ ਆਤਮ ਹੱਤਿਆ ਕਰ ਗਏ ਸੁਨਾਮ ਦੇ ਪਿੰਡ ਕਨੋਈ ਦੇ ਇਕ ਐਸਸੀ ਨੌਜਵਾਨ ਸਨਮਦੀਪ ਸਿੰਘ ਦੇ ਇਨਸਾਫ ਮੰਗ ਰਹੇ ਵਾਰਿਸਾਂ ਨੂੰ ਨਿਆਂ ਦੇਣ ਦੀ ਬਜਾਏ ਮਾਨ ਸਰਕਾਰ ਦੀ ਪੁਲਿਸ ਪਰਿਵਾਰ ਨੂੰ ਥਾਣੇ ਬੰਦ ਕਰ ਉਨ੍ਹਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਦੀ ਹੈ ਤੇ ਕੱਲ ਪਰਿਵਾਰ ਦੇ ਜੀਅ ਦਾ ਧੱਕੇ ਨਾਲ ਸਸਕਾਰ ਕਰ ਰਹੀ ਹੈ।ਕੀ ਇਹ ਮਾਨ ਸਰਕਾਰ ਅਣਪਛਾਤੀ ਲਾਸਾਂ ਦਾ ਨਵਾਂ ਕੌਨਸੈਪਟ ਲਿਆਈ ਹੈ। ਤੇ ਇਹ ਤਿੰਨੋ ਘਟਨਾਵਾਂ ਹਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਨਾਲ ਸੰਬੰਧਿਤ।
ਫਿਰ 13 ਸਿਤੰਬਰ ਨੂੰ ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿਚ ਨਸ਼ੇ ਖਿਲਾਫ ਅਵਾਜ ਉਠਾਉਣ ਤੇ ਕਤਲ, ਅਸਲ ਦੋਸ਼ੀ ਨਹੀਂ ਫੜੇ।ਅਬੋਹਰ ਧਰਮ ਨਗਰੀ ਵਿਚ ਨੌਜਵਾਨ ਦੀ 14 ਸਿਤੰਬਰ ਨੂੰ ਲਾਸ ਮਿਲੀ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ। 1 ਅਕਤੂਬਰ ਨੂੰ ਅਬੋਹਰ ਦਾਣਾ ਮੰਡੀ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਹੈ, ਗੋਲੀਆਂ ਚਲਦੀਆਂ ਹਨ ਤੇ ਗੱਡੀਆਂ ਭੰਨੀਆਂ ਜਾਂਦੀਆਂ ਹਨ। ਬੀਤੀ ਰਾਤ ਜਲਾਲਾਬਾਦ ਵਿਚ ਡੀਐਸਪੀ ਦਫ਼ਤਰ ਦੇ ਬਾਹਰ ਗੋਲੀਆਂ ਚੱਲੀਆਂ।
ਭਾਈ ਇਹੀ ਹੋਣਾ ਸੀ, ਜਦ ਆਪ ਸਰਕਾਰ ਨਸ਼ਾ ਤਸ਼ਕਰਾਂ ਤੇ ਗੈਂਗਸਟਰਾਂ ਦੀ ਪੁਸਤਪਨਾਹੀ ਕਰੇਗੀ। ਤੇ ਆਮ ਲੋਕ ! ਪੰਜਾਬ ਸਿਆਂ, ਉਨ੍ਹਾਂ ਆਮ ਲੋਕਾਂ ਦੀ ਜਾਨ ਦੀ ਇਸ ਮਾਨ ਸਰਕਾਰ ਨੂੰ ਕਿੱਥੇ ਪ੍ਰਵਾਹ ਹੈ, ਜੋ ਇਸਤਿਹਾਰਾਂ ਦੀ ਵਾੜ ਨਾਲ ਆਪਣੇ ਗੁਨਾਹਾਂ ਨੂੰ ਛੁਪਾਉਣ ਦਾ ਭਰਮ ਪਾਲੀ ਬੈਠੀ ਹੈ।
- Download Babushahi App
-
-