ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਰਾਸ਼ਟਰੀ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਆਯੋਜਿਤ
ਬੰਗਾ 2 ਅਕਤੂਬਰ 2026- ਮਨੁੱਖੀ ਜੀਵਨ ਅਤੇ ਸਮਾਜ ਵਿੱਚ ਸਵੈ-ਇੱਛਤ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਤਹਿਤ ਐੱਨ.ਐੱਸ.ਐੱਸ. ਵਿਭਾਗ ਸਿੱਖ ਨੈਸ਼ਨਲ ਕਾਲਜ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਬਲੱਡ ਸੈਂਟਰ ਦੇ ਤਕਨੀਕੀ ਸਹਿਯੋਗ ਨਾਲ ਕਾਲਜ ਦੇ ਆਡੀਟੋਰੀਅਮ ਵਿਖੇ ਰਾਸ਼ਟਰੀ ਖੂਨਦਾਨ ਦਿਵਸ ਨੂੰ ਸਮਰਪਿਤ ਇੱਕ ਸਵੈ-ਇੱਛਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਵਲੰਟੀਅਰਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਨਿਸ਼ਕਾਮ ਸੇਵਾ ਨਿਭਾਈ ਅਤੇ 25 ਯੂਨਿਟ ਖੂਨਦਾਨ ਕੀਤਾ। ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਹਿਯੋਗ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਇਨਸਾਨੀ ਜੀਵਨ ਵਿੱਚ ਖੂਨਦਾਨ ਦੀ ਮਹਾਨਤਾ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਖੂਨਦਾਨ ਦੁਨੀਆ ਦਾ ਸਭ ਤੋਂ ਵੱਡਮੁੱਲਾ ਅਤੇ ਸਭ ਤੋਂ ਵੱਡਾ 'ਮਹਾਂਦਾਨ' ਹੈ। ਕਿਸੇ ਲੋੜਵੰਦ ਮਰੀਜ਼, ਹਾਦਸੇ ਦੇ ਸ਼ਿਕਾਰ ਵਿਅਕਤੀ ਜਾਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਨੁੱਖ ਨੂੰ ਸਮੇਂ ਸਿਰ ਖੂਨ ਮਿਲ ਜਾਵੇ ਤਾਂ ਉਸ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਜਿਹੇ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਆਯੋਜਿਤ ਸਵੈ-ਇੱਛਤ ਖੂਨਦਾਨ ਕੈਂਪ ਦੇ ਇਸ ਨੇਕ ਕਾਰਜ ਦੀ ਭਾਰੀ ਸ਼ਲਾਘਾ ਕੀਤੀ ਅਤੇ ਖੂਨਦਾਨ ਕਰਨ ਵਾਲੇ ਵਾਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐੱਨ.ਐੱਸ.ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਵਿਪਨ, ਡਾ. ਨਿਰਮਲਜੀਤ ਕੌਰ ਸੰਧੂ, ਪ੍ਰੋ. ਕਿਸ਼ੋਰ ਕੁਮਾਰ ਰੈਡ ਰਿਬਨ ਇੰਚਾਰਜ, ਸੁਰਜੀਤ ਮਜਾਰੀ, ਬਲੱਡ ਟਰਾਂਸਫਿਊਜ਼ਨ ਅਫਸਰ ਡਾ. ਰਾਹੁਲ ਗੋਇਲ, ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਅਤੇ ਬਲੱਡ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਬੇਦੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
- Download Babushahi App
-
-