ਸਿਵਲ ਸਰਜਨ ਬਠਿੰਡਾ ਵੱਲੋਂ ਸਾਲ ਵਿੱਚ ਦੋ ਵਾਰ ਸ਼ੂਗਰ ਦੇ ਟੈਸਟ ਕਰਵਾਉਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ 15ਨਵੰਬਰ 2025: ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਐਨ ਸੀ ਡੀ ਕਲੀਨਿਕ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ ।ਇਸ ਮੌਕੇ ਡਾਕਟਰ ਵੰਦਨਾ ਮਿੰਡਾ, ਡਾਕਟਰ ਬਲਜਿੰਦਰ ਸਿੰਘ , ਜਿਲ੍ਹਾ ਬੀ, ਸੀ, ਸੀ ਨਰਿੰਦਰ ਕੁਮਾਰ ਹਾਜਰ ਸਨ ਡਾਕਟਰ ਸੁਖਜਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾਂ ਅਨੁਸਾਰ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ ਹਨ। ਸਮਾਜ ਵਿੱਚ ਸ਼ੂਗਰ ਦੀ ਬਿਮਾਰੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਜਿਸ ਦਾ ਮੁੱਖ ਕਾਰਣ ਸਾਡੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ, ਮੋਟਾਪਾ, ਖਾਨਦਾਨੀ ਸ਼ੂਗਰ, ਜ਼ਿਆਦਾ ਬਲੱਡ ਪ੍ਰੈਸ਼ਰ ਰਹਿਣਾ, ਕਸਰਤ ਨਾ ਕਰਨਾ, ਸੰਤੁਲਿਤ ਭੋਜਨ ਨਾ ਲੈਣਾ, ਜੀਵਨ ਵਿੱਚ ਤਨਾਅ ਦਾ ਹੋਣਾ, ਸਮੇਂ ਸਿਰ ਭੋਜਨ ਨਾ ਲੈਣਾ, ਤੰਬਾਕੂਨੋਸ਼ੀ ਅਤੇ ਸ਼ਰਾਬ ਦਾ ਇਸਤੇਮਾਲ ਹਨ। ਉਹਨਾ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਪੀੜੀ ਦਰ ਪੀੜੀ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰੰਤੂ ਇਸ ਸਬੰਧੀ ਜਾਗਰੂਕ ਰਹਿ ਕੇ ਅਤੇ ਪ੍ਰਹੇਜ਼ ਨਾਲ ਬਚਿਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਜੇਕਰ ਕਿਸੇ ਵੀ ਮਨੁੱਖ ਨੂੰ ਵਾਰ ਵਾਰ ਪਿਸ਼ਾਬ ਆਵੇ, ਅਚਾਨਕ ਭਾਰ ਘੱਟ ਜਾਵੇ, ਵਾਰ ਵਾਰ ਪਿਆਸ ਲੱਗੇ, ਬਹੁਤ ਜ਼ਿਆਦਾ ਭੁੱਖ ਲੱਗੇ, ਹੱਥ ਪੈਰ ਸੁੰਨ ਹੋਣ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਵੇ, ਚਮੜੀ ਅਤੇ ਪਿਸ਼ਾਬ ਨਾਲੀ ਵਿੱਚ ਵਾਰ ਵਾਰ ਇਨਫੈਕਸ਼ਨ ਹੋਵੇ ਤਾਂ ਨੇੜੇ ਦੇ ਸਿਹਤ ਸੰਸਥਾ ਤੋਂ ਆਪਣੇ ਸ਼ੂਗਰ ਸਬੰਧੀ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਬਿਮਾਰੀ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਐਨ.ਸੀ.ਡੀ. ਪ੍ਰੋਗਰਾਮ ਅਧੀਨ 30 ਸਾਲ ਤੋਂ ਉਪਰ ਹਰੇਕ ਵਿਅਕਤੀ ਦੇ ਸਾਲ ਵਿੱਚ ਇੱਕ ਵਾਰ ਸਰੀਰ ਦੇ ਜਰੂਰੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਹਨਾਂ ਆਮ ਲੋਕਾਂ ਨੁੰ ਅਪੀਲ ਕੀਤੀ ਕਿ ਕਿਸੇ ਵੀ ਕੰਮ ਵਾਲੇ ਦਿਨ ਸਰਕਾਰੀ ਹਸਪਤਾਲਾਂ ਅਤੇ ਸੀ.ਐਚ.ਸੀ. ਤੇ ਆਪਣੀ ਜਾਂਚ ਜਰੂਰ ਕਰਵਾਉਣ। ਅਤੇ ਸ਼ੂਗਰ ਦੀ ਬਿਮਾਰੀ ਤੋਂ ਬਚਣ ਲਈ ਸਿਹਤਮੰਦ ਭੋਜਨ ਲਵੋ, ਹਰੀਆਂ ਸਬਜੀਆਂ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰੋ, ਚਰਬੀ ਵਾਲੇ ਭੋਜਨ ਦਾ ਘੱਟ ਇਸਤੇਮਾਲ ਕਰੋ, ਪਿਆਸ ਲੱਗਣ ਤੇ ਮਿੱਠੇ ਪਦਾਰਥਾ ਦੀ ਥਾਂ ਤੇ ਪਾਣੀ ਦਾ ਇਸਤੇਮਾਲ ਕਰੋ, ਰੋਜ਼ਾਨਾ ਸੈਰ ਅਤੇ ਕਸਰਤ ਕਰੋ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਨਾ ਕਰੋ, ਦਿਮਾਗੀ ਪ੍ਰੇਸ਼ਾਨੀ ਤੋਂ ਬਚੋ, ਆਦਰਸ਼ ਸਰੀਰਕ ਵਜ਼ਨ ਕਾਇਮ ਰੱਖ ਕੇ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ।